A major threat looms over the Earth! Sea levels will rise rapidly; scientists have released a report
ਧਰਤੀ ‘ਤੇ ਮੰਡਰਾ ਰਿਹਾ ਵੱਡਾ ਖ਼ਤਰਾ ! ਸਮੁੰਦਰਾਂ ‘ਚ ਤੇਜ਼ੀ ਨਾਲ ਵਧੇਗਾ ਪਾਣੀ ਦਾ ਪੱਧਰ, ਵਿਗਿਆਨੀਆਂ ਨੇ ਜਾਰੀ ਕੀਤੀ ਰਿਪੋਰਟ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਅੰਤਰਰਾਸ਼ਟਰੀ ਜਲਵਾਯੂ ਪਹਿਲ ‘ਇੰਟਰਨੈਸ਼ਨਲ ਕ੍ਰਾਇਓਸਫੀਅਰ ਕਲਾਈਮੇਟ ਇਨੀਸ਼ੀਏਟਿਵ (ICCI) ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਦੀ ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਨੇੜਲੇ ਭਵਿੱਖ ‘ਚ ਧਰਤੀ ਦੇ ਤਾਪਮਾਨ ਦੇ 1.5 ਡਿਗਰੀ ਸੈਲਸੀਅਸ ਦੀ ਸੀਮਾ ਨੂੰ ਅਸਥਾਈ ਤੌਰ ‘ਤੇ ਪਾਰ ਕਰਨ ਦਾ ਅਸਰ ਇੱਥੇ ਦੀਆਂ ਬਰਫ਼ ਦੀਆਂ ਚਾਦਰਾਂ ਅਤੇ ਗਲੇਸ਼ੀਅਰਾਂ ‘ਤੇ ਪਵੇਗਾ। ਰਿਪੋਰਟ ਦੇ ਮੁੱਖ ਲੇਖਕਾਂ ‘ਚੋਂ ਇਕ ਨੇ ਸੋਮਵਾਰ ਨੂੰ ਕਿਹਾ ਕਿ ਇਹ ਸੰਕਟ ਸਾਡੇ ਬਹੁਤ ਨੇੜੇ ਹੈ ਅਤੇ ਇਹ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਹੀ ਸੀਮਿਤ ਨਹੀਂ ਹੈ। ਇਕ ਇੰਟਰਵਿਊ ‘ਚ ICCI ਦੇ ਮੁੱਖ ਵਿਗਿਆਨੀ ਅਤੇ ਇਸ ਰਿਪੋਰਟ ਦਾ ਤਾਲਮੇਲ ਕਰਨ ਵਾਲੇ ਮੁੱਖ ਲੇਖਕ ਜੇਮਜ਼ ਕਿਰਕਹਮ ਨੇ ਕਿਹਾ ਕਿ ਤਾਪਮਾਨ ‘ਚ ਹੋਰ ਵਾਧੇ ਨਾਲ ਇਸ ਦੇ ਕਈ ਪ੍ਰਭਾਵ ਕਾਫ਼ੀ ਗੰਭੀਰ ਹੋ ਜਾਣਗੇ ਅਤੇ ਉਨ੍ਹਾਂ ‘ਚੋਂ ਕੁਝ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦਾ ਖਤਰਾ ਹੈ। ਆਈਸੀਸੀਆਈ ਨੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੇ ਤਾਲਮੇਲ ਨਾਲ ‘ਓਵਰਸ਼ੂਟ ਐਂਡ ਦਿ ਕ੍ਰਾਇਓਸਫੀਅਰ’ ਨਾਮੀ ਇਹ ਰਿਪੋਰਟ ਤਿਆਰ ਕੀਤੀ ਹੈ। ਇਹ ਯੂਐੱਨਈਪੀ ਦੀ ਹਾਲੀਆ ਰਿਪੋਰਟ ‘ਲਿਮਟਿੰਗ ਓਵਰਸ਼ੂਟ’ ਦੀ ਪੂਰਕ ਰਿਪੋਰਟ ਹੈ। ‘ਲਿਮਿਟਿੰਗ ਓਵਰਸ਼ੂਟ’ ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਅਗਲੇ ਕੁਝ ਸਾਲਾਂ ‘ਚ ਵਿਸ਼ਵਵਿਆਪੀ ਤਾਪਮਾਨ ਅਸਥਾਈ ਤੌਰ ‘ਤੇ ਪੂਰਵ-ਉਦਯੋਗਿਕ ਪੱਧਰਾਂ ਦੇ ਮੁਕਾਬਲੇ 1.5 ਡਿਗਰੀ ਸੈਲਸੀਅਸ ਸੀਮਾ ਤੋਂ ਪਾਰ ਹੋ ਸਕਦਾ ਹੈ। ਉੱਥੇ ਹੀ ‘ਓਵਰਸ਼ੂਟ ਐਂਡ ਦਿ ਕ੍ਰਾਇਓਸਫੀਅਰ’ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਤਾਪਮਾਨ ਦੇ ਇਸ ਸੀਮਾ ਤੋਂ ਉੱਪਰ ਜਾਣ, ਸਿਖ਼ਰ ‘ਤੇ ਪਹੁੰਚਣ ਅਤੇ ਫਿਰ ਘਟਣ ਦਾ ਧਰਤੀ ਦੇ ‘ਕ੍ਰਾਇਓਸਫੀਅਰ’ ‘ਤੇ ਕੀ ਅਸਰ ਪਵੇਗਾ। ‘ਕ੍ਰਾਇਓਸਫੀਅਰ’ ‘ਚ ਧਰਤੀ ਦੀ ਸਤਿਹ ਦੇ ਉਹ ਹਿੱਸੇ ਸ਼ਾਮਲ ਹਨ, ਜਿੱਥੇ ਪਾਣੀ ਠੋਸ ਅਤੇ ਜੰਮੇ ਹੋਏ ਰੂਪ ‘ਚ ਮੌਜੂਦ ਹੁੰਦਾ ਹੈ, ਜਿਵੇਂ ਗਲੇਸ਼ੀਅਰ, ਬਰਫ਼ ਦੀਆਂ ਚਾਦਰਾਂ ਅਤੇ ਸਮੁੰਦਰੀ ਬਰਫ਼ ਆਦਿ। ਕਿਰਕਹਮ ਨੇ ਦੱਸਿਆ,”ਆਉਣ ਵਾਲੇ ਦਹਾਕਿਆਂ ‘ਚ ਸਮੁੰਦਰ ਦਾ ਪੱਧਰ ਵਧਣ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋਣਗੇ। ਸਮੁੰਦਰ ਦੇ ਜਲ ਪੱਧਰ ‘ਚ ਤੇਜ਼ੀ ਨਾਲ ਹੋ ਰਹੇ ਵਾਧੇ ਕਾਰਨ ਇਸ ਦਾ ਅਨੁਕੂਲ ਹੋਣਾ ਇਕ ਵੱਡੀ ਚੁਣੌਤੀ ਬਣ ਜਾਵੇਗਾ। ਪਹਾੜੀ ਗਲੇਸ਼ੀਅਰਾਂ ਦੇ ਪਿਘਲਣ ਨਾਲ ਪਾਣੀ ਦੀ ਕਮੀ ਅਤੇ ਕੁਦਰਤੀ ਆਫ਼ਤਾਂ ਦਾ ਖ਼ਤਰਾ ਵੀ ਵਧ ਰਿਹਾ ਹੈ। ਉਦਾਹਰਣ ਲਈ ਅਗਸਤ ‘ਚ ਨੇਪਾਲ ‘ਚ ਪਹਾੜ ਦਾ ਇਕ ਹਿੱਸਾ ਢਹਿਣ ਅਤੇ ਗਲੇਸ਼ੀਅਰ ਦੇ ਕਾਰਨ ਆਏ ਹੜ੍ਹ ‘ਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। ਇਸ ਇਕ ਘਟਨਾ ਨਾਲ ਦੇਸ਼ ਨੂੰ ਇੰਨਾ ਨੁਕਸਾਨ ਹੋਇਆ, ਜੋ ਉਸ ਦੀ ਜੀਡੀਪੀ ਦੇ 10 ਫੀਸਦੀ ਦੇ ਬਰਾਬਰ ਸੀ।” ਉਨ੍ਹਾਂ ਕਿਹਾ ਕਿ ਸਮੁੰਦਰੀ ਬਰਫ਼ ਪਿਘਲਣਾ ਭਿਆਨਕ ਮੌਸਮ ਦੀਆਂ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ, ਜਿਸ ‘ਚ ਸੋਕਾ, ਹੜ੍ਹ ਅਤੇ ਜੰਗਲ ਦੀ ਅੱਗ ਵਰਗੀਆਂ ਆਫ਼ਤਾਂ ਸ਼ਾਮਲ ਹਨ। ਇਸ ਗਰਮੀ ‘ਚ ਦੁਨੀਆ ਦੇ ਕਈ ਹਿੱਸਿਆਂ ‘ਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਕਿਰਕਹਮ 20 ਦੇਸ਼ਾਂ ਦੇ ਇਕ ਉੱਚ ਪੱਧਰੀ ਸਮੂਹ ‘ਐਮਬਿਸ਼ਨ ਆਨ ਮੈਲਟਿੰਗ ਆਈਸ’ (ਏਐੱਮਆਈ) ਦੇ ਵਿਗਿਆਨ ਸਲਾਹਕਾਰ ਵੀ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਗਲੋਬਲ ਪ੍ਰਭਾਵ ਪਹਿਲੇ ਦੀ ਦਿੱਸਣ ਲੱਗੇ ਹਨ ਅਤੇ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਾੜੀ ਇਲਾਕਿਆਂ ‘ਚ ਖਤਰਿਆਂ ਦਾ ਵਧਣਾ ਅਤੇ ਹੇਠਲੀ ਇਲਾਕਿਆਂ ‘ਤੇ ਉਸ ਦਾ ਅਸਰ ਨਜ਼ਦੀਕੀ ਭਵਿੱਖ ਲਈ ਇਕ ਬਹੁਤ ਵੱਡਾ ਜ਼ੋਖਮ ਹੈ। ਆਉਣ ਵਾਲੇ ਦਹਾਕਿਆਂ ‘ਚ ਇਸ ਸਮੱਸਿਆ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ,”2026 ‘ਚ ਨੇਪਾਲ ਅਤੇ 2023 ‘ਚ ਸਿੱਕਮ ਦੀਆਂ ਤਸਵੀਰਾਂ ਦੇਖ ਕੇ ਮੈਨੂੰ ਡੂੰਘਾ ਧੱਕਾ ਲੱਗਾ ਪਰ ਹੈਰਾਨੀ ਨਹੀਂ ਹੋਈ। ਅਜਿਹਾ ਇਸ ਲਈ ਹੈ ਕਿਉਂਕਿ ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ, ਪਹਾੜ ਅਸਥਿਰ ਹੁੰਦੇ ਜਾ ਰਹੇ ਹਨ ਜਿਸ ਨਾਲ ਹੜ੍ਹਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਦਾ ਖ਼ਦਸ਼ਾ ਵਧ ਗਿਆ ਹੈ।

