Azam Khan sent to Dasna Jail in judicial custody for 14 days
ਆਜ਼ਮ ਖਾਨ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ’ਚ ਡਾਸਨਾ ਜੇਲ ਭੇਜਿਆ
ਲਖਨਊ/ਗਾਜ਼ੀਆਬਾਦ (ਆਵਾਜ਼ਿ ਕੌਮ ਬਿਊਰੋ)-ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਐਤਵਾਰ ਇਕ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਨੇ 14 ਦਿਨਾਂ ਲਈ ਜੁ਼ੀਸ਼ੀਅਲ ਹਿਰਾਸਤ ’ਚ ਡਾਸਨਾ ਜੇਲ ਭੇਜ ਦਿੱਤਾ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉਨ੍ਹਾਂ ਨੂੰ ਸਵੇਰੇ 10:30 ਵਜੇ ਦੇ ਕਰੀਬ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਦੇ ਹੁਕਮਾਂ ਤੋਂ ਬਾਅਦ ਈ. ਡੀ. ਦੀ ਟੀਮ ਉਨ੍ਹਾਂ ਨੂੰ ਸਿੱਧਾ ਗਾਜ਼ੀਆਬਾਦ ਦੀ ਡਾਸਨਾ ਜੇਲ ਲੈ ਗਈ। ਸੁਰੱਖਿਆ ਲਈ ਈ. ਡੀ. ਦੇ ਨਾਲ ਸੀ. ਆਰ. ਪੀ. ਐੱਫ. ਦੇ ਲੱਗਭਗ 100 ਜਵਾਨ ਤੇ ਪੁਲਸ ਕਰਮਚਾਰੀ ਸਨ। ਅਦਾਲਤ ਦੇ ਕੰਪਲੈਕਸ ’ਚ ਪਹੁੰਚਣ ’ਤੇ ਆਜ਼ਮ ਖਾਨ ਸ਼ਾਂਤ ਵਿਖਾਈ ਦਿੱਤੇ। ਉਹ ਮੌਜੂਦ ਲੋਕਾਂ ਨੂੰ ਦੇਖਦੇ ਰਹੇ। ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਕੀ ਉਹ ਕੁਝ ਕਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਜਵਾਬ ਦਿੱਤਾ- ਕੀ ਕਹਿਣਾ ਬਾਕੀ ਹੈ? ਈ. ਡੀ. ਨੇ ਰਾਮਪੁਰ ਜੇਲ ਤੋਂ ਰਿਹਾਈ ਤੋਂ ਤੁਰੰਤ ਬਾਅਦ ਸ਼ਨੀਵਾਰ ਸ਼ਾਮ ਨੂੰ ਆਜ਼ਮ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਸੀ। ਫਿਰ ਉਨ੍ਹਾਂ ਨੂੰ ਕਾਰ ਰਾਹੀਂ ਦਿੱਲੀ ਸਥਿਤ ਈ. ਡੀ. ਹੈੱਡਕੁਆਰਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਤੋਂ ਸਾਰੀ ਰਾਤ ਪੁੱਛਗਿੱਛ ਕੀਤੀ ਗਈ। ਜਾਂਚ ਏਜੰਸੀ ਨੇ ਉਨ੍ਹਾਂ ਤੋਂ ਜੌਹਰ ਯੂਨੀਵਰਸਿਟੀ ਦੇ ਨਿਰਮਾਣ ’ਚ ਸਰਕਾਰੀ ਫੰਡਾਂ ਦੀ ਕਥਿਤ ਵਰਤੋਂ ਸੰਬੰਧੀ 50 ਤੋਂ ਵੱਧ ਸਵਾਲ ਪੁੱਛੇ। ਇਹ ਧਿਆਨ ਦੇਣ ਯੋਗ ਹੈ ਕਿ 29 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਆਜ਼ਮ ਖਾਨ ਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ, ਜਿਸ ਨਾਲ 2 ਪੈਨ ਕਾਰਡ ਮਾਮਲਿਆਂ ’ਚ ਉਨ੍ਹਾਂ ਦੀ 7 ਸਾਲ ਦੀ ਸਜ਼ਾ ਮੁਅੱਤਲ ਹੋ ਗਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਰਾਮਪੁਰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਦੋਵੇਂ ਲੱਗਭਗ 11 ਮਹੀਨਿਆਂ ਤੋਂ ਜੇਲ ’ਚ ਸਨ। ਰਿਹਾਈ ਤੋਂ ਬਾਅਦ ਅਬਦੁੱਲਾ ਆਜ਼ਮ ਘਰ ਚਲਾ ਗਿਆ, ਜਦੋਂ ਕਿ ਆਜ਼ਮ ਖਾਨ ਨੂੰ ਈ. ਡੀ. ਨੇ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ।

