Sacred relics of Lord Buddha kept in Tawang for public viewing
ਆਮ ਜਨਤਾ ਦੇ ਦਰਸ਼ਨਾਂ ਲਈ ਤਵਾਂਗ ‘ਚ ਰੱਖੇ ਗਏ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼
ਈਟਾਨਗਰ (ਆਵਾਜ਼ਿ ਕੌਮ ਬਿਊਰੋ)-ਅਰੁਣਾਚਲ ਪ੍ਰਦੇਸ਼ ਦੇ ਇਤਿਹਾਸਕ ਤਵਾਂਗ ਮੱਠ (ਗਾਦੇਨ ਨਾਮਗਿਆਲ ਲਹਾਤਸੇ) ‘ਚ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ ਆਮ ਜਨਤਾ ਦੇ ਦਰਸ਼ਨਾਂ ਲਈ ਰੱਖੇ ਗਏ ਹਨ, ਜਿਸ ਨਾਲ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਬੁੱਧ ਦੇ ਪ੍ਰਤੀ ਆਪਣੀ ਸ਼ਰਧਾ ਅਰਪਿਤ ਕਰਨ ਦਾ ਮੌਕਾ ਮਿਲ ਰਿਹਾ ਹੈ। ਦੱਸਣਯੋਗ ਹੈ ਕਿ 13 ਸਾਲਾਂ ਬਾਅਦ ਤਵਾਂਗ ਪਰਤੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ 1 ਨਵੰਬਰ ਤੋਂ 7 ਨਵੰਬਰ ਤੱਕ ਕੀਤੇ ਜਾਣਗੇ। ਮੁੱਖ ਮੰਤਰੀ ਪੇਮਾ ਖਾਂਡੂ ਨੇ ਸ਼ਨੀਵਾਰ ਨੂੰ ਉਦਘਾਟਨੀ ਸਮਾਰੋਹ ‘ਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਸ਼ਰਧਾਲੂਆਂ ਲਈ ਇਕ ਦੁਰਲੱਭ ਮੌਕਾ ਦੱਸਿਆ, ਜਿੱਥੇ ਉਹ ਪ੍ਰਾਰਥਨਾ ਕਰ ਸਕਦੇ ਹਨ ਅਤੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਤੋਂ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੁਨੀਆ ਭਰ ‘ਚ ਸ਼ਾਂਤੀ, ਸਦਭਾਵਨਾ ਅਤੇ ਦਇਆ ਦੀ ਭਾਵਨਾ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੇ ਨਾਲ-ਨਾਲ ਸੈਲਾਨੀ 2 ਵਿਸ਼ੇਸ਼ ਪ੍ਰਦਰਸ਼ਨੀਆਂ ਵੀ ਦੇਖ ਸਕਦੇ ਹਨ, ਜਿਨ੍ਹਾਂ ‘ਚ ਬੋਧੀ ਇਤਿਹਾਸ, ਸਭਿਅਤਾ ਅਤੇ ਸੱਭਿਆਚਾਰਕ ਵਿਰਾਸਤ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ ਗਿਆ ਹੈ। ਅਨਅਰਥਿੰਗ ਦਿ ਸੇਕ੍ਰੇਡ ਪਿਪਰਹਵਾ : ਦਿ ਸਟੋਰੀ ਆਫ਼ ਦਿ ਹੋਲੀ ਬੁੱਧਾ ਰੇਲਿਕਸ ਐਂਡ ਦੇਅਰ ਡਿਸਕਵਰੀ’ (ਪਵਿੱਤਰ ਪਿਪਰਹਵਾ ਦੀ ਖੋਜ: ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਅਤੇ ਉਨ੍ਹਾਂ ਦੀ ਪ੍ਰਾਪਤ ਦੀ ਕਹਾਣੀ) ਨਾਮੀ ਪ੍ਰਦਰਸ਼ਨੀ ‘ਚ ਇਨ੍ਹਾਂ ਅਵਸ਼ੇਸ਼ਾਂ ਦੇ ਪੁਰਾਤੱਤਵ ਇਤਿਹਾਸ ਨੂੰ ਦਿਖਾਇਆ ਗਿਆ ਹੈ। ਇਸ ‘ਚ 1898 ‘ਚ ਇਨ੍ਹਾਂ ਦੀ ਖੋਜ ਅਤੇ ਬੋਧੀ ਪਰੰਪਰਾ ‘ਚ ਇਨ੍ਹਾਂ ਦੀ ਮਹੱਤਤਾ ਨੂੰ ਸ਼ਾਮਲ ਕੀਤਾ ਗਿਆ ਹੈ। ਇਕ ਹੋਰ ਪ੍ਰਦਰਸ਼ਨੀ, ‘ਕ੍ਰਾਸਰਾਡਸ ਆਫ਼ ਧੰਮਾ : ਕਲਾਸਿਕਲ ਲੇਗੇਸੀਜ਼, ਲਿਵਿੰਗ ਆਰਟ, ਐਂਡ ਐਂਥ੍ਰੋਪੋਲਾਜਿਕਲ ਪਰਸਪੇਕਟਿਵਸ’ (ਧੰਮ ਦੇ ਚੌਰਾਹੇ : ਸ਼ਾਸਤਰੀ ਵਿਰਾਸਤ, ਜੀਵੰਤ ਕਲਾ ਅਤੇ ਮਨੁੱਖੀਸ਼ਾਸਤਰ ਦ੍ਰਿਸ਼ਟੀਕੋਣ) ਨੂੰ ਰਾਸ਼ਟਰੀ ਰਾਜਧਾਨੀ ਦੇ ਰਾਸ਼ਟਰੀ ਮਿਊਜ਼ੀਅਮ ਨੇ ਕੋਲਕਾਤਾ ਦੇ ਭਾਰਤੀ ਮਿਊਜ਼ੀਅਮ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਇਹ ਪ੍ਰਦਰਸ਼ਨੀ ਬੁੱਧ ਧਰਮ ਦੇ ਇਤਿਹਾਸਕ, ਕਲਾਤਮਕ ਅਤੇ ਸੱਭਿਆਚਾਰਕ ਵਿਕਾਸ ਨੂੰ ਪੇਸ਼ ਕਰਦੀ ਹੈ।

