Final update on the Akali-BJP alliance in Punjab! Find out when a formal announcement might be made
ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ‘ਤੇ ਫਾਈਨਲ ਅਪਡੇਟ! ਜਾਣੋ ਕਦੋਂ ਹੋ ਸਕਦੈ ਰਸਮੀ ਐਲਾਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਹਾਲਾਂਕਿ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਰਕਰਾਰ ਹੈ। ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦੀਵਾਲੀ ਤੋਂ ਬਾਅਦ ਗਠਜੋੜ ਦਾ ਐਲਾਨ ਹੋ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਦੋਹਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਸੂਤਰਾਂ ਦੇ ਮੁਤਾਬਕ ਗਠਜੋੜ ਨੂੰ ਅੰਤਿਮ ਰੂਪ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਬਠਿੰਡਾ ਦਾ ਦੌਰਾ ਕਰ ਸਕਦੇ ਹਨ, ਜਿੱਥੇ ਇਕ ਵੱਡੀ ਰੈਲੀ ‘ਚ ਗਠਜੋੜ ਦਾ ਐਲਾਨ ਹੋ ਸਕਦਾ ਹੈ। ਦੱਸ ਦੇਈਏ ਕਿ ਅਮਿਤ ਸ਼ਾਹ ਵੀ ਆਪਣੇ ਪੰਜਾਬ ਦੌਰੇ ਦੌਰਾਨ ਇਹ ਗੱਲ ਆਖ ਚੁੱਕੇ ਹਨ ਕਿ ਪੰਜਾਬ ‘ਚ ਐੱਨ. ਡੀ. ਏ. ਦੀ ਸਰਕਾਰ ਬਣੇਗੀ। ਉੱਥੇ ਹੀ ਬੀਤੇ ਦਿਨ ਸੁਖਬੀਰ ਬਾਦਲ ਨੇ ਵੀ ਗਠਜੋੜ ਬਾਰੇ ਬਿਆਨ ਦਿੰਦਿਆਂ ਕਿਹਾ ਸੀ ਕਿ ਥੋੜ੍ਹੇ ਦਿਨਾਂ ‘ਚ ਸਭ ਕੁੱਝ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਅਕਾਲੀ ਦਲ ਪੰਜਾਬ ਦਾ ਹਿੱਤ ਸੋਚਣ ਵਾਲੀਆਂ ਪਾਰਟੀਆਂ ਨਾਲ ਹੀ ਗਠਜੋੜ ਕਰੇਗਾ। ਇਨ੍ਹਾਂ ਸਭ ਤੋਂ ਬਾਅਦ ਹੁਣ ਇਹ ਕਿਆਸ ਲਾਏ ਜਾ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਗਠਜੋੜ ਕਰਕੇ ਹੀ ਮੈਦਾਨ ‘ਚ ਉਤਰਨਗੀਆਂ।

