Presentation of fabricated Gurbani verses via AI is a serious challenge: Jathedar Gargaj
ਏ. ਆਈ. ਰਾਹੀਂ ਗੁਰਬਾਣੀ ਦੀਆਂ ਮਨਘੜ੍ਹਤ ਤੁਕਾਂ ਪੇਸ਼ ਹੋਣਾ ਗੰਭੀਰ ਚੁਣੌਤੀ : ਜਥੇਦਾਰ ਗੜਗੱਜ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਬਾਰੇ ਗੁੰਮਰਾਹਕੁਨ ਜਾਣਕਾਰੀ ਫੈਲਣਾ ਅਤੇ ਗੁਰਬਾਣੀ ਦੇ ਨਾਮ ਹੇਠ ਮਨਘੜ੍ਹਤ ਤੁਕਾਂ ਪੇਸ਼ ਹੋਣਾ ਗੰਭੀਰ ਚੁਣੌਤੀ ਹੈ। ਇਸ ਨਾਲ ਨਜਿੱਠਣ ਲਈ ਸਿੱਖ ਕੌਮ ਨੂੰ ਸੰਗਠਤ ਯਤਨਾਂ ਰਾਹੀਂ ਆਪਣੇ ਪ੍ਰਮਾਣਿਕ ਡਿਜੀਟਲ ਸਰੋਤ ਅਤੇ ਏ. ਆਈ. ਮਾਡਲ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੁਨੀਆ ਦੀਆਂ ਪ੍ਰਮੁੱਖ ਏ. ਆਈ. ਤਕਨੀਕੀ ਕੰਪਨੀਆਂ ਨਾਲ ਰਾਬਤਾ ਕਰ ਕੇ ਸਹਿਯੋਗ ਲੈਣ ਲਈ ਵੀ ਯਤਨ ਕੀਤੇ ਜਾਣਗੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਸਥਾਨਕ ਸਿੱਖਾਂ ਨਾਲ ਗੁਰੂ ਘਰ ਦੀ ਲਾਇਬ੍ਰੇਰੀ ਵਿਚ ਵਿਸ਼ੇਸ਼ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਦੌਰਾਨ ਪੰਜਾਬ ਤੋਂ ਯੂ. ਕੇ. ਪੜ੍ਹਨ ਆਉਣ ਵਾਲੇ ਸਿੱਖਾਂ ਅਤੇ ਪੰਜਾਬੀ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਨਾਲ ਸਬੰਧਤ ਮਾਮਲਿਆਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਗਿਆ। ਜਥੇਦਾਰ ਸਾਹਿਬ ਨੇ ਭਰੋਸਾ ਦਿੱਤਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਕੌਮੀ ਮਾਮਲਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੋੜੀਂਦੀ ਸੇਧ ਅਤੇ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਨੰਦ ਅਤੇ ਮੀਤ ਪ੍ਰਧਾਨ ਬੀਬੀ ਗੁਰਵਿੰਦਰ ਕੌਰ ਰੰਧਾਵਾ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ, ਗੁਰੂ ਘਰ ਦੇ ਇਤਿਹਾਸ ਨਾਲ ਸਬੰਧਤ ਪੁਸਤਕ ਅਤੇ ਯਾਦਗਾਰੀ ਸਿੱਕਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

