If a nuclear attack takes place on Iran, then in Ukraine too…: Russia issues a warning
ਜੇ ਈਰਾਨ ‘ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ ‘ਚ ਵੀ…. : ਰੂਸ ਨੇ ਦੇ’ਤੀ ਚੇਤਾਵਨੀ
Tehran, (ਆਵਾਜ਼ਿ ਕੌਮ ਬਿਊਰੋ)-ਇਕ ਪਾਸੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੂਜੇ ਪਾਸੇ 4 ਸਾਲਾਂ ਦੇ ਵੱਧ ਸਮੇਂ ਤੋਂ ਜਾਰੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਹੋਣ ਸਬੰਧੀ ਕੋਈ ਸਹਿਮਤੀ ਨਹੀਂ ਬਣ ਪਾ ਰਹੀ ਹੈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਰੂਸ ਦੀ ਸਰਕਾਰ ਨੇ ਗੁਪਤ ਰਸਤਿਆਂ ਰਾਹੀਂ ਅਮਰੀਕੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਈਰਾਨ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਰੂਸ ਵੀ ਯੂਕ੍ਰੇਨ ਵਿੱਚ ਉਸੇ ਤਰ੍ਹਾਂ ਦੇ ਬਰਾਬਰ ਦੇ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਆਜ਼ਾਦ ਹੋ ਜਾਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅਜਿਹੇ ਬਿਆਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਚਿੰਤਾ ਵੱਧ ਗਈ ਹੈ। ਰੂਸ ਦੀ ਸਰਕਾਰ ਦੇ ਬਿਆਨ ਦਾ ਸਿੱਧਾ ਮਤਲਬ ਹੈ ਕਿ ਜੇਕਰ ਈਰਾਨ ‘ਤੇ ਅਮਰੀਕਾ ਦਾ ਪ੍ਰਮਾਣੂ ਹਮਲਾ ਹੁੰਦਾ ਹੈ, ਤਾਂ ਰੂਸ ਯੂਕਰੇਨ ਯੁੱਧ ਵਿੱਚ ਆਪਣੇ ਫੌਜੀ ਵਿਕਲਪਾਂ ‘ਤੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਸਵੀਕਾਰ ਨਹੀਂ ਕਰੇਗਾ। ਬਿਆਨ ਮੁਤਾਬਕ ਈਰਾਨ ਵਿਰੁੱਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਿਰਫ਼ ਮੱਧ ਪੂਰਬ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਹ ਰੂਸ-ਯੂਕਰੇਨ ਯੁੱਧ ਅਤੇ ਅਮਰੀਕਾ-ਰੂਸ ਸਬੰਧਾਂ ਨੂੰ ਵੀ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਸਕਦੀ ਹੈ। ਰਿਪੋਰਟ ਕੀਤੇ ਗਏ ਦਾਅਵੇ ਦੇ ਅਨੁਸਾਰ ਰੂਸੀ ਸਰਕਾਰ ਨੇ ਬੈਕਚੈਨਲ, ਯਾਨੀ ਗੁਪਤ ਕੂਟਨੀਤਕ ਚੈਨਲਾਂ ਰਾਹੀਂ ਅਮਰੀਕੀ ਪ੍ਰਸ਼ਾਸਨ ਨੂੰ ਆਪਣਾ ਸੰਦੇਸ਼ ਦਿੱਤਾ ਹੈ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਈਰਾਨ ਵਿਰੁੱਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੇ ਵਿਸ਼ਵ ਸੁਰੱਖਿਆ ਲਈ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ। ਹਾਲਾਂਕਿ, ਇਸ ਕਥਿਤ ਸੰਦੇਸ਼ ਦੀ ਅਜੇ ਤੱਕ ਰੂਸ ਜਾਂ ਅਮਰੀਕਾ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਗੌਰਤਲਬ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲਾਂ ਵੀ ਯੂਕਰੇਨ ਯੁੱਧ ਵਿੱਚ ਪੱਛਮੀ ਦੇਸ਼ਾਂ ਦੀ ਭੂਮਿਕਾ ਅਤੇ ਰੂਸ ਦੀ ਸੁਰੱਖਿਆ ਬਾਰੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਚੇਤਾਵਨੀ ਦੇ ਚੁੱਕੇ ਹਨ।

