Attack on an Indian ship in the Arabian Sea! 1 crew member lost his life
ਅਰਬ ਸਾਗਰ ‘ਚ ਭਾਰਤੀ ਜਹਾਜ਼ ‘ਤੇ ਹੋ ਗਿਆ ਹਮਲਾ ! 1 ਕ੍ਰੂ ਮੈਂਬਰ ਦੀ ਗਈ ਜਾਨ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵੱਲੋਂ ਇਰਾਨ ਦੇ ਕੇਸ਼ਮ ਟਾਪੂ ‘ਤੇ ਕੀਤੇ ਗਏ ਤਾਜ਼ਾ ਹਮਲੇ ਤੋਂ ਬਾਅਦ ਮਿਡਲ ਈਸਟ ‘ਚ ਹਾਲਾਤ ਇਕ ਵਾਰ ਫ਼ਿਰ ਤਣਾਅਪੂਰਨ ਹੋ ਗਏ ਹਨ। ਇਸੇ ਦੌਰਾਨ ਓਮਾਨ ਦੇ ਤੱਟ ਨੇੜੇ ਅਰਬ ਸਾਗਰ ‘ਚ 14 ਭਾਰਤੀ ਕ੍ਰੂ ਮੈਂਬਰਾਂ ਨੂੰ ਲੈ ਕੇ ਜਾ ਰਹੇ ਭਾਰਤੀ ਝੰਡੇ ਵਾਲੇ ਇੱਕ ਵਪਾਰਕ ਜਹਾਜ਼ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਭਿਆਨਕ ਹਮਲੇ ‘ਚ ਇੱਕ ਭਾਰਤੀ ਕ੍ਰੂ ਮੈਂਬਰ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਕਰਮਚਾਰੀਆਂ ਨੂੰ ਸੁਰੱਖਿਅਤ ਬਚਾਉਣ ਲਈ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ। ਕੇਂਦਰੀ ਬੰਦਰਗਾਹ ਤੇ ਸ਼ਿਪਿੰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਕਸ ‘ਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੋਸਟ ‘ਚ ਲਿਖਿਆ ਕਿ 2 ਨਵੰਬਰ ਨੂੰ ਭਾਰਤੀ ਜਹਾਜ਼ MSV AL JUSUFI, ਜਿਸ ‘ਤੇ 14 ਭਾਰਤੀ ਕ੍ਰੂ ਮੈਂਬਰ ਸਵਾਰ ਸਨ, ‘ਤੇ ਓਮਾਨ ਦੇ ਕੰਢੇ ਨੇੜੇ ਅਣਪਛਾਤੇ ਹਵਾਈ ਹਥਿਆਰ (ਮਿਜ਼ਾਈਲ ਜਾਂ ਡਰੋਨ) ਨਾਲ ਹਮਲਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ 14 ‘ਚੋਂ 13 ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 1 ਕ੍ਰੂ ਮੈਂਬਰ, ਜਿਸ ਦੀ ਪਛਾਣ ਗੁਜਰਾਤ ਤੇ ਗੰਧਾਰ ਨਾਹੀਮ ਅਜੀਜ ਵਜੋਂ ਹੋਈ ਹੈ, ਦੀ ਇਸ ਹਮਲੇ ‘ਚ ਜਾਨ ਚਲੀ ਗਈ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਤੇ ਗੰਧਾਰ ਦੇ ਚਾਹੁਣ ਵਾਲਿਆਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲਾ ਤੇ ਓਮਾਨ ‘ਚ ਭਾਰਤੀ ਅੰਬੈਸੀ ਇਕ-ਦੂਜੇ ਨਾਲ ਸੰਪਰਕ ‘ਚ ਹਨ, ਤਾਂ ਜੋ ਰੈਸਕਿਊ ਕੀਤੇ ਗਏ 13 ਮੈਂਬਰਾਂ ਦੀ ਸੁਰੱਖਿਅਤ ਘਰ ਵਾਪਸੀ ਹੋ ਸਕੇ ਅਤੇ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਖੇਤਰ ‘ਚ ਚੱਲ ਰਹੇ ਜੰਗੀ ਤਣਾਅ ਅਤੇ ਸਮੁੰਦਰੀ ਰਸਤਿਆਂ ‘ਚ ਵਧਦੇ ਹਮਲਿਆਂ ਕਾਰਨ ਅਰਬ ਸਾਗਰ ਅਤੇ ਹੋਰਮੁਜ਼ ਦੀ ਖਾੜੀ ‘ਚ ਵਪਾਰਕ ਜਹਾਜ਼ਾਂ ‘ਤੇ ਹਮਲਿਆਂ ਦੇ ਖ਼ਤਰੇ ਵਧ ਗਏ ਹਨ। ਭਾਰਤ ਸਰਕਾਰ ਨੇ ਸਾਰੇ ਵਪਾਰਕ ਜਹਾਜ਼ਾਂ ਨੂੰ ਇਸ ਇਲਾਕੇ ਤੋਂ ਲੰਘਣ ਵੇਲੇ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ।

