Important news for those traveling to the US; new rule to take effect from November 3
ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ, 3 ਨਵੰਬਰ ਤੋਂ ਨਵਾਂ ਨਿਯਮ ਲਾਗੂ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਲਈ ਅਮਰੀਕੀ ਸਿਹਤ ਏਜੰਸੀ ‘ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ (CDC) ਨੇ ਇੱਕ ਨਵਾਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। 3 ਨਵੰਬਰ 2026 ਨੂੰ ਰਾਤ 11:59 ਵਜੇ (EST) ਤੋਂ ਅਮਰੀਕਾ ਲਈ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ਨੂੰ ਚੈੱਕ-ਇਨ ਜਾਂ ਬੋਰਡਿੰਗ ਸਮੇਂ ਇੱਕ ਵਿਸ਼ੇਸ਼ ‘ਹੈਲਥ ਡੈਕਲੇਰੇਸ਼ਨ’ ਮਤਲਬ ਸਿਹਤ ਘੋਸ਼ਣਾ ਪੱਤਰ ‘ਤੇ ਦਸਤਖਤ ਕਰਨੇ ਪੈਣਗੇ। ਇਹ ਨਿਯਮ ਵਿਦੇਸ਼ ਦੇ ਕਿਸੇ ਵੀ ਹਵਾਈ ਅੱਡੇ ਤੋਂ ਅਮਰੀਕਾ ਜਾਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਲਾਗੂ ਹੋਵੇਗਾ, ਚਾਹੇ ਯਾਤਰਾ ਕਿਸੇ ਵੀ ਦੇਸ਼ ਤੋਂ ਸ਼ੁਰੂ ਹੋਈ ਹੋਵੇ। ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਡੈਕਲੇਰੇਸ਼ਨ ਫਾਰਮ ਵਿੱਚ ਹਰੇਕ ਯਾਤਰੀ ਨੂੰ ਇਹ ਪੁਸ਼ਟੀ ਕਰਨੀ ਪਵੇਗੀ ਕਿ ਉਹ ਪਿਛਲੇ 21 ਦਿਨਾਂ ਦੌਰਾਨ ‘ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ’ (DRC) ਵਿੱਚ ਮੌਜੂਦ ਨਹੀਂ ਸਨ। । ਸੀ.ਡੀ.ਸੀ. ਦੇ ਨਿਰਦੇਸ਼ਾਂ ਅਨੁਸਾਰ ਇਹ ਨਿਯਮ ਅਮਰੀਕੀ ਨਾਗਰਿਕਾਂ, ਪੱਕੇ ਨਿਵਾਸੀਆਂ, ਵਿਦੇਸ਼ੀ ਸੈਲਾਨੀਆਂ ਅਤੇ ਜਹਾਜ਼ ਦੇ ਕਰੂ ਮੈਂਬਰਾਂ ਸਾਰਿਆਂ ‘ਤੇ ਸਮਾਨ ਰੂਪ ਵਿੱਚ ਲਾਗੂ ਹੁੰਦਾ ਹੈ। ਇਸ ਤੋਂ ਇਲਾਵਾ ਅਮਰੀਕੀ ਹਵਾਈ ਅੱਡਿਆਂ ਰਾਹੀਂ ਕਿਸੇ ਹੋਰ ਦੇਸ਼ ਜਾਣ ਵਾਲੇ ਕਨੈਕਟਿੰਗ ਯਾਤਰੀਆਂ ਅਤੇ ਪ੍ਰਾਈਵੇਟ ਜਹਾਜ਼ਾਂ ‘ਤੇ ਵੀ ਇਹ ਨਿਯਮ ਲਾਗੂ ਹੋਵੇਗਾ। ਕਾਂਗੋ, ਯੂਗਾਂਡਾ ਅਤੇ ਦੱਖਣੀ ਸੁਡਾਨ ਦੀ ਯਾਤਰਾ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਤਹਿਤ ਪਿਛਲੇ 21 ਦਿਨਾਂ ਦੌਰਾਨ ਕਾਂਗੋ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਭਾਵੇਂ ਉਹ ਅਮਰੀਕੀ ਨਾਗਰਿਕ ਹੋਵੇ ਨੂੰ ਅਮਰੀਕਾ ਜਾਣ ਵਾਲੀ ਫਲਾਈਟ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕਿਸੇ ਯਾਤਰੀ ਨੇ ਕਾਂਗੋ ਦੇ ਹਵਾਈ ਅੱਡੇ ਰਾਹੀਂ ਸਿਰਫ਼ ਕਨੈਕਟਿੰਗ ਫਲਾਈਟ ਵੀ ਲਈ ਹੈ, ਤਾਂ ਉਸ ਨੂੰ ਵੀ ਕਾਂਗੋ ਵਿੱਚ ਬਿਤਾਇਆ ਸਮਾਂ ਮੰਨਿਆ ਜਾਵੇਗਾ। ਇਸੇ ਤਰ੍ਹਾਂ ਪਿਛਲੇ 21 ਦਿਨਾਂ ਦੌਰਾਨ ਯੂਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਗੈਰ-ਅਮਰੀਕੀ ਨਾਗਰਿਕਾਂ ਅਤੇ ਪੱਕੇ ਨਿਵਾਸੀਆਂ ਦੇ ਅਮਰੀਕਾ ਦਾਖਲੇ ‘ਤੇ ਰੋਕ ਲਗਾਈ ਗਈ ਹੈ। ਇਨ੍ਹਾਂ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਨਿਰਧਾਰਿਤ ਹਵਾਈ ਅੱਡਿਆਂ ‘ਤੇ ਵਿਸ਼ੇਸ਼ ਸਿਹਤ ਸਕ੍ਰੀਨਿੰਗ ‘ਚੋਂ ਲੰਘਣਾ ਪਵੇਗਾ। ਯਾਤਰੀ ਇਹ ਡੈਕਲੇਰੇਸ਼ਨ ਫਾਰਮ ਕਾਗਜ਼ੀ ਜਾਂ ਡਿਜੀਟਲ ਰੂਪ ਵਿੱਚ ਭਰ ਸਕਦੇ ਹਨ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਉਨ੍ਹਾਂ ਦੇ ਮਾਪੇ ਜਾਂ ਅਧਿਕਾਰਤ ਪ੍ਰਤੀਨਿਧੀ ਦਸਤਖਤ ਕਰ ਸਕਦੇ ਹਨ। ਡੈਕਲੇਰੇਸ਼ਨ ਫਾਰਮ ਨਾ ਦੇਣ ਵਾਲੇ ਯਾਤਰੀਆਂ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਜਾਵੇਗਾ। ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ‘ਤੇ ਅਪਰਾਧਿਕ ਮਾਮਲਾ ਦਰਜ ਹੋ ਸਕਦਾ ਹੈ।ਇਹ ਨਿਯਮ 18 ਦਸੰਬਰ 2026 ਤੱਕ ਲਾਗੂ ਰਹੇਗਾ। ਦੂਜੇ ਪਾਸੇ’ਏਅਰਲਾਈਨਜ਼ ਫਾਰ ਅਮਰੀਕਾ’ ਅਤੇ IATA ਵਰਗੀਆਂ ਹਵਾਈ ਸੰਸਥਾਵਾਂ ਨੇ ਇੰਨੇ ਘੱਟ ਸਮੇਂ ਵਿੱਚ ਚੈੱਕ-ਇਨ ਸਿਸਟਮਾਂ ਅਤੇ ਡਿਜੀਟਲ ਦਸਤਖਤ ਪ੍ਰਕਿਰਿਆਵਾਂ ਨੂੰ ਅਪਡੇਟ ਕਰਨ ਵਿੱਚ ਆ ਰਹੀਆਂ ਵਿਹਾਰਕ ਮੁਸ਼ਕਲਾਂ ਬਾਰੇ ਚਿੰਤਾ ਪ੍ਰਗਟਾਈ ਹੈ।

