High Court issues major ruling regarding Daljit Singh’s cremation; final rites to be held in village Bhamme Kalan
ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪਿੰਡ ਭੰਮੇ ਕਲਾਂ ਦਿੱਤੀ ਜਾਵੇਗੀ ਅੰਤਿਮ ਵਿਦਾਈ
ਚੰਡੀਗੜ੍ਹ/ਮਾਨਸਾ (ਆਵਾਜ਼ਿ ਕੌਮ ਬਿਊਰੋ)-ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਮ੍ਰਿਤਕ ਨੌਜਵਾਨ ਦਲਜੀਤ ਸਿੰਘ ਮਾਮਲੇ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ। ਹਾਈਕੋਰਟ ਵਲੋਂ ਦਲਜੀਤ ਸਿੰਘ ਦੇ ਪੋਸਟਮਾਰਟਮ ਮਗਰੋਂ ਅੰਤਿਮ ਸਸਕਾਰ ਕਰਨ ਸਬੰਧੀ ਹੁਕਮ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਭਲਕੇ ਮਤਲਬ ਕਿ ਵੀਰਵਾਰ ਨੂੰ ਪਿੰਡ ਭੰਮੇ ਕਲਾਂ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ। ਹਾਈਕੋਰਟ ਨੇ ਦਲਜੀਤ ਸਿੰਘ ਦਾ ਸਸਕਾਰ ਪਿੰਡ ਵਿਖੇ ਹੀ ਕਰਵਾਉਣ ਦੇ ਹੁਕਮ ਦਿੱਤੇ ਸਨ। ਦਰਅਸਲ ਅਦਾਲਤ ਨੇ ਉਸਦਾ ਪੋਸਟਮਾਰਟਮ ਕਰਵਾਉਣ ਉਪਰੰਤ ਚੰਡੀਗੜ੍ਹ ਵਿਖੇ ਹੀ ਅੰਤਿਮ ਸਸਕਾਰ ਕਰਨ ਦੇ ਹੁਕਮ ਦਿੱਤੇ ਸਨ। ਬੁੱਧਵਾਰ ਨੂੰ ਮ੍ਰਿਤਕ ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਭੈਣ ਅਮਰਜੀਤ ਕੌਰ ਅਦਾਲਤ ਪੁੱਜੀਆਂ ਅਤੇ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਪਿੰਡ ‘ਚ ਕਰਨ ਦੀ ਇੱਛਾ ਦੱਸੀ, ਜਿਸ ‘ਤੇ ਅਦਾਲਤ ਨੇ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਪਿੰਡ ਭੰਮੇ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਭਲਕੇ 11 ਵਜੇ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਬੀਤੀ ਰਾਤ ਹੀ ਚੰਡੀਗੜ੍ਹ ਪੀ. ਜੀ. ਆਈ. ਵਿਖੇ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਸ ਦਾ ਪੋਸਟਮਾਰਟਮ ਹੋ ਰਿਹਾ ਹੈ। ਦੱਸਣਯੋਗ ਹੈ ਕਿ ਪਰਵਿੰਦਰ ਝੋਟਾ ਦਾ 22ਵੇਂ ਦਿਨ ਅਤੇ ਦਲਜੀਤ ਸਿੰਘ ਦਾ 9ਵੇਂ ਦਿਨ ਵੀ ਅੰਤਿਮ ਸਸਕਾਰ ਨਹੀਂ ਹੋ ਸਕਿਆ ਹੈ। ਪਰਵਿੰਦਰ ਸਿੰਘ ਦੇ ਸਸਕਾਰ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਜਦੋਂ ਕਿ ਦਲਜੀਤ ਸਿੰਘ ਦਾ ਸਸਕਾਰ ਭਲਕੇ ਪਰਿਵਾਰ ਵਲੋਂ ਕਰ ਦਿੱਤਾ ਜਾਵੇਗਾ।

