Government employee, unpaid for 8 months, sits begging in front of office
8 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ, ਦਫ਼ਤਰ ਅੱਗੇ ਭੀਖ ਮੰਗਣ ਬੈਠੀ ਸਰਕਾਰੀ ਮੁਲਾਜ਼ਮ
ਬਕਸਰ (ਆਵਾਜ਼ਿ ਕੌਮ ਬਿਊਰੋ)- ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਅਧਿਕਾਰੀ ਵੱਲੋਂ ਆਪਣੇ ਹੀ ਦਫ਼ਤਰ ਦੇ ਬਾਹਰ ਹੱਥ ਵਿੱਚ ਭੀਖ ਮੰਗਣ ਵਾਲਾ ਕਟੋਰਾ ਲੈ ਕੇ ਅਨੋਖਾ ਪ੍ਰਦਰਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਹਮਪੁਰ ਬਲਾਕ ਦਫ਼ਤਰ ਵਿੱਚ ਤਾਇਨਾਤ ਗ੍ਰਾਮੀਣ ਵਿਕਾਸ ਅਧਿਕਾਰੀ ਅਲਪਿਤਾ ਸਿੰਘ ਨੇ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਆ ਰਹੀਆਂ ਆਰਥਿਕ ਤੰਗੀਆਂ ਵੱਲ ਧਿਆਨ ਦਿਵਾਉਣ ਲਈ ਇਹ ਕਦਮ ਚੁੱਕਿਆ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਗ੍ਰਾਮੀਣ ਵਿਕਾਸ ਅਧਿਕਾਰੀ ਅਲਪਿਤਾ ਸਿੰਘ ਅਨੁਸਾਰ ਉਹ ਪਿਛਲੇ 11 ਮਹੀਨਿਆਂ ਤੋਂ ਬ੍ਰਹਮਪੁਰ ਬਲਾਕ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਿਯਮਤ ਤੌਰ ‘ਤੇ ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਉਨ੍ਹਾਂ ਨੂੰ ਹੁਣ ਤੱਕ ਸਿਰਫ਼ 3 ਮਹੀਨਿਆਂ ਦੀ ਹੀ ਤਨਖਾਹ ਮਿਲੀ ਹੈ ਅਤੇ ਬਾਕੀ 8 ਮਹੀਨਿਆਂ ਤੋਂ ਉਨ੍ਹਾਂ ਦਾ ਵੇਤਨ ਰੋਕਿਆ ਹੋਇਆ ਹੈ। ਆਪਣੀ ਮੰਗ ਵੱਲ ਧਿਆਨ ਖਿੱਚਣ ਲਈ ਉਨ੍ਹਾਂ ਨੇ ਲਗਾਤਾਰ 2 ਦਿਨਾਂ ਤੱਕ ਬਲਾਕ ਦਫ਼ਤਰ ਦੇ ਬਾਹਰ ਕਟੋਰਾ ਫੜ ਕੇ ਸਾਂਕੇਤਿਕ ਧਰਨਾ ਦਿੱਤਾ। ਸੂਤਰਾਂ ਅਨੁਸਾਰ, ਬ੍ਰਹਮਪੁਰ ਦੇ ਬਲਾਕ ਵਿਕਾਸ ਅਧਿਕਾਰੀ (BDO) ਅਤੇ ਗ੍ਰਾਮੀਣ ਵਿਕਾਸ ਅਧਿਕਾਰੀ ਵਿਚਾਲੇ ਚੱਲ ਰਹੀ ਆਪਸੀ ਅਣਬਣ ਵੀ ਤਨਖਾਹ ਰੁਕਣ ਦਾ ਇੱਕ ਮੁੱਖ ਕਾਰਨ ਮੰਨੀ ਜਾ ਰਹੀ ਹੈ। ਪ੍ਰਦਰਸ਼ਨ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਬਕਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਬ੍ਰਹਮਪੁਰ ਦੇ BDO ਤੋਂ ਰਸਮੀ ਸਪੱਸ਼ਟੀਕਰਨ ਮੰਗਿਆ ਹੈ। ਪ੍ਰਸ਼ਾਸਨ ਨੇ ਪੁੱਛਿਆ ਹੈ ਕਿ ਅਧਿਕਾਰੀ ਦੀ ਤਨਖਾਹ ਕਿਉਂ ਰੋਕੀ ਗਈ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਰਮਚਾਰੀ ਦਾ ਵੇਤਨ ਮਨਮਾਨੇ ਢੰਗ ਨਾਲ ਨਹੀਂ ਰੋਕਿਆ ਜਾ ਸਕਦਾ ਅਤੇ ਇਸ ਲਈ ਨਿਰਧਾਰਿਤ ਸਰਕਾਰੀ ਪ੍ਰਕਿਰਿਆਵਾਂ ਤੇ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਜ਼ਰੂਰੀ ਹੈ। ਇਸ ਮਾਮਲੇ ਵਿੱਚ ਪ੍ਰਸ਼ਾਸਨਿਕ ਕਾਰਵਾਈ ਸ਼ੁਰੂ ਕਰਦਿਆਂ ਜਵਾਬਦੇਹੀ ਤੈਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

