The Centre has changed passport and visa rules! New orders issued for these individuals
ਕੇਂਦਰ ਨੇ ਪਾਸਪੋਰਟ ਤੇ ਵੀਜ਼ਾ ਨਿਯਮਾਂ ‘ਚ ਕੀਤਾ ਬਦਲਾਅ ! ਇਨ੍ਹਾਂ ਲੋਕਾਂ ਲਈ ਜਾਰੀ ਹੋਏ ਨਵੇਂ ਹੁਕਮ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਕੇਂਦਰ ਸਰਕਾਰ ਨੇ ‘ਇੰਮੀਗ੍ਰੇਸ਼ਨ ਐਂਡ ਫੌਰਨਰਜ਼ (ਐਗਜ਼ੈਂਪਸ਼ਨ) (ਅਮੈਂਡਮੈਂਟ) ਆਰਡਰ, 2026’ ਲਾਗੂ ਕਰਦਿਆਂ ਭਾਰਤ ਵਿੱਚ ਰਹਿ ਰਹੇ ਵੱਖ-ਵੱਖ ਸ਼੍ਰੇਣੀਆਂ ਦੇ ਵਿਦੇਸ਼ੀ ਨਾਗਰਿਕਾਂ ਤੇ ਸ਼ਰਨਾਰਥੀਆਂ ਲਈ ਪਾਸਪੋਰਟ ਅਤੇ ਵੀਜ਼ਾ ਨਿਯਮਾਂ ਵਿੱਚ ਅਹਿਮ ਛੋਟਾਂ ਦਾ ਐਲਾਨ ਕੀਤਾ ਹੈ। ਇਹ ਨਵਾਂ ਫੈਸਲਾ ਪਾਕਿਸਤਾਨੀ ਨਾਗਰਿਕਾਂ, ਗੁਆਂਢੀ ਦੇਸ਼ਾਂ ਦੇ ਘੱਟ ਗਿਣਤੀ ਸ਼ਰਨਾਰਥੀਆਂ, ਸ਼੍ਰੀਲੰਕਾਈ ਤਮਿਲਾਂ, ਤਿੱਬਤੀਆਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਪ੍ਰਸ਼ਾਸਨਿਕ ਔਕੜਾਂ ਤੋਂ ਵੱਡੀ ਰਾਹਤ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਭਾਰਤ, ਨੇਪਾਲ ਅਤੇ ਭੂਟਾਨ ਵਿਚਕਾਰ ਸਿੱਧੀ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਪਛਾਣ ਦਸਤਾਵੇਜ਼ਾਂ ਦੇ ਨਿਯਮਾਂ ਨੂੰ ਵੀ ਸਰਲ ਬਣਾਇਆ ਗਿਆ ਹੈ। ਨਵੇਂ ਜਾਰੀ ਹੁਕਮਾਂ ਅਨੁਸਾਰ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਪ੍ਰਤਾੜਨਾ ਜਾਂ ਉਸ ਦੇ ਡਰ ਕਾਰਨ 31 ਦਸੰਬਰ 2024 ਤੱਕ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਇਸਾਈ ਭਾਈਚਾਰਿਆਂ ਦੇ ਸ਼ਰਨਾਰਥੀਆਂ ਨੂੰ ਪਾਸਪੋਰਟ ਐਕਟ ਅਤੇ ਵਿਦੇਸ਼ੀ ਐਕਟ ਦੀਆਂ ਸਖ਼ਤ ਧਾਰਾਵਾਂ ਤੋਂ ਛੋਟ ਦਿੱਤੀ ਗਈ ਹੈ। ਇਹ ਰਾਹਤ ਉਨ੍ਹਾਂ ਵਿਅਕਤੀਆਂ ‘ਤੇ ਵੀ ਲਾਗੂ ਹੋਵੇਗੀ ਜੋ ਬਿਨਾਂ ਵੈਧ ਯਾਤਰਾ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖਲ ਹੋਏ ਸਨ ਜਾਂ ਜਿਨ੍ਹਾਂ ਦੇ ਪਾਸਪੋਰਟਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ। ਹਾਲਾਂਕਿ, ਭਾਰਤ ਵਿੱਚ ਕਾਨੂੰਨੀ ਤੌਰ ‘ਤੇ ਨਿਵਾਸ ਜਾਰੀ ਰੱਖਣ ਲਈ ਉਨ੍ਹਾਂ ਨੂੰ ਨਿਰਧਾਰਿਤ ਸ਼੍ਰੇਣੀ ਅਧੀਨ ਵੀਜ਼ਾ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਪਾਕਿਸਤਾਨੀ ਨਾਗਰਿਕਾਂ ਲਈ ਵੀ ਨਿਯਮਾਂ ਵਿੱਚ ਨਰਮੀ ਵਰਤੀ ਹੈ ਜੋ 31 ਦਸੰਬਰ 2009 ਜਾਂ ਉਸ ਤੋਂ ਪਹਿਲਾਂ ਭਾਰਤ ਵਿੱਚ ਪੱਕੇ ਤੌਰ ‘ਤੇ ਵੱਸਣ ਦੇ ਮਕਸਦ ਨਾਲ ਆਏ ਸਨ। ਪਾਕਿਸਤਾਨੀ ‘ਕੰਪਿਊਟਰਾਈਜ਼ਡ ਨੇਸ਼ਨਲ ਆਈਡੇਂਟਿਟੀ ਕਾਰਡ’ (CNIC) ਨਾ ਹੋਣ ਕਰਕੇ ਆਪਣੇ ਯਾਤਰਾ ਦਸਤਾਵੇਜ਼ਾਂ ਦਾ ਨਵੀਨੀਕਰਨ ਕਰਵਾਉਣ ਵਿੱਚ ਅਸਮਰੱਥ ਵਿਅਕਤੀਆਂ ਨੂੰ ਇਸ ਛੋਟ ਦਾ ਲਾਭ ਲੈਣ ਲਈ ਇਹ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ ਕਿ ਵਿਅਕਤੀ ਨੇ ਪਾਕਿਸਤਾਨ ਵਿੱਚ ਰਹਿੰਦਿਆਂ ਵਿਆਹ ਨਾ ਕਰਵਾਇਆ ਹੋਵੇ ਅਤੇ ਉੱਥੇ ਕੋਈ ਅਚੱਲ ਜਾਇਦਾਦ ਨਾ ਹੋਵੇ। ਨਾਲ ਹੀ, ਪਿੱਛੇ ਪਾਕਿਸਤਾਨ ਵਿੱਚ ਛੁੱਟ ਗਏ ਪਰਿਵਾਰਕ ਮੈਂਬਰਾਂ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ। ਲਾਭਪਾਤਰੀ ਨੂੰ ਵਾਪਸ ਪਾਕਿਸਤਾਨ ਨਾ ਜਾਣ ਦੀ ਲਿਖਤੀ ਵਚਨਬੱਧਤਾ ਦੇਣੀ ਪਵੇਗੀ ਅਤੇ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਵੱਲੋਂ ਕੋਈ ਵੀ ਮਾੜੀ ਰਿਪੋਰਟ ਨਹੀਂ ਹੋਣੀ ਚਾਹੀਦੀ। ਮਲੇਸ਼ੀਆ ਜਾਂ ਸਿੰਗਾਪੁਰ ਦੀ ਨਾਗਰਿਕਤਾ ਛੱਡ ਕੇ 31 ਦਸੰਬਰ 2009 ਤੱਕ ਭਾਰਤ ਪਰਤੇ ਭਾਰਤੀ ਮੂਲ ਦੇ ਵਿਅਕਤੀਆਂ (PIO) ਨੂੰ ਵੀ ਪਾਸਪੋਰਟ ਨਵੀਨੀਕਰਨ ਦੀਆਂ ਮੁਸ਼ਕਿਲਾਂ ਤੋਂ ਰਾਹਤ ਦਿੱਤੀ ਗਈ ਹੈ। ਦੂਜੇ ਪਾਸੇ, ਭਾਰਤ, ਨੇਪਾਲ ਅਤੇ ਭੂਟਾਨ ਦੇ ਨਾਗਰਿਕਾਂ ਲਈ ਗੁਆਂਢੀ ਦੇਸ਼ਾਂ ਵਿਚਕਾਰ ਸੜਕ ਜਾਂ ਹਵਾਈ ਮਾਰਗ ਰਾਹੀਂ ਸਿੱਧੀ ਯਾਤਰਾ ਦੌਰਾਨ ਆਮ ਪਾਸਪੋਰਟ ਦੀ ਥਾਂ ਸਰਕਾਰੀ “ਵੀਜ਼ਾ ਮੈਨੂਅਲ” ਵਿੱਚ ਦਰਜ ਵਿਸ਼ੇਸ਼ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ, ਚੀਨ, ਮਕਾਊ, ਹਾਂਗਕਾਂਗ ਜਾਂ ਪਾਕਿਸਤਾਨ ਦੇ ਰਸਤੇ ਯਾਤਰਾ ਕਰਨ ਵਾਲੇ ਨੇਪਾਲੀ ਅਤੇ ਭੂਟਾਨੀ ਨਾਗਰਿਕਾਂ ਲਈ ਵੈਧ ਪਾਸਪੋਰਟ ਅਤੇ ਵੀਜ਼ਾ ਹੋਣਾ ਲਾਜ਼ਮੀ ਰਹੇਗਾ।

