Rs 2 crore extortion demanded from a political leader’s husband in Mohali; call from a foreign number leaves them stunned
ਮੋਹਾਲੀ ‘ਚ ਸਿਆਸੀ ਆਗੂ ਦੇ ਪਤੀ ਤੋਂ ਮੰਗੀ 2 ਕਰੋੜ ਦੀ ਫ਼ਿਰੌਤੀ, ਵਿਦੇਸ਼ੀ ਨੰਬਰ ਤੋਂ ਆਏ ਫੋਨ ਨੇ ਉਡਾਏ ਹੋਸ਼
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਇੱਥੇ ਪਿੰਡ ਬਲਿਆਲੀ (ਮੋਹਾਲੀ) ਵਾਰਡ ਨੰਬਰ-45 ਦੀ ਮੌਜੂਦਾ ਕੌਂਸਲਰ ਦੇ ਪਤੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਵਲੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਫ਼ਿਰੌਤੀ ਦੀ ਰਕਮ ਨਾ ਦੇਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਚਾਹਲ ਵਾਸੀ ਪਿੰਡ ਬਲਿਆਲੀ ਨੇ ਥਾਣਾ ਬਲੌਂਗੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਅਤੇ ਉਸ ਦੀ ਪਤਨੀ ਆਮ ਪਾਰਟੀ ਤੋਂ ਵਾਰਡ ਨੰਬਰ-45 ਦੀ ਮੌਜੂਦਾ ਕੌਂਸਲਰ ਹੈ। ਉਹ ਆਪਣੀ ਪਤਨੀ ਦਾ ਸਾਰਾ ਕੰਮ ਕਾਰ ਆਪ ਦੇਖਦਾ ਹੈ। ਉਸ ਦੇ ਕੋਲ ਏਅਰਪੋਰਟ ਰੋਡ ‘ਤੇ ਪਿੰਡ ਬਲਿਆਲੀ ਖੇਤਰ ‘ਚ ਪੈਂਦੀ 11 ਏਕੜ ਜੱਦੀ ਜ਼ਮੀਨ ਹੈ। ਇਸ ਜ਼ਮੀਨ ਦੀ ਦੇਖਭਾਲ ਉਹ ਅਤੇ ਉਸ ਦਾ ਪੁੱਤਰ ਕਰਦਾ ਹੈ। 4 ਅਕਤੂਬਰ ਨੂੰ ਫੇਜ਼-9 ਵਿਚਲੇ ਹਾਕੀ ਸਟੇਡੀਅਮ ‘ਚ ਉਹ ਮੈਚ ਦੇਖ ਰਿਹਾ ਸੀ ਤਾਂ ਇਸ ਦੌਰਾਨ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਨੂੰ ਉਸ ਨੇ ਕੱਟ ਦਿੱਤਾ। ਉਕਤ ਨੰਬਰ ਤੋਂ ਦੁਬਾਰਾ ਉਸ ਨੂੰ ਕਾਲ ਆਈ ਤਾਂ ਉਸ ਨੇ ਫੋਨ ਚੁੱਕ ਲਿਆ ਪਰ ਅੱਗੇ ਤੋਂ ਕੋਈ ਨਹੀਂ ਬੋਲਿਆ ਤਾਂ ਉਸ ਨੇ ਫੋਨ ਕੱਟ ਦਿੱਤਾ। ਫਿਰ ਉਸ ਨੂੰ ਸ਼ਾਮ ਸਾਢੇ 6 ਵਜੇ ਦੇ ਕਰੀਬ ਇਕ ਹੋਰ ਨੰਬਰ ਤੋਂ ਵਟਸਐਪ ਕਾਲ ਆਈ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਉਸ ਸਮੇਂ ਦੌਰਾਨ ਕੁੱਝ ਮਿੰਟਾ ਬਾਅਦ ਉਸ ਦੇ ਪੁੱਤਰ ਨੇ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਪਾਪਾ, ਵਿਦੇਸ਼ੀ ਨੰਬਰ ਤੋਂ ਉਸ ਨੂੰ ਵਟਸਐਪ ਕਾਲ ਆਈ ਹੈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਪੁੱਛਿਆ ਕਿ ਉਹ ਗੁਰਪ੍ਰੀਤ ਚਾਹਲ ਦਾ ਪੁੱਤਰ ਬੋਲ ਰਿਹਾ ਹੈ ਤਾਂ ਉਸ ਨੇ ਹਾਂ ਕਿਹਾ। ਫੋਨ ਕਰਨ ਵਾਲੇ ਸਖਸ਼ ਨੇ ਅੱਗੋਂ ਜਵਾਬ ਦਿੱਤਾ ਕਿ ਉਸ ਦਾ ਪਿਓ ਉਸ ਦਾ ਫੋਨ ਕੱਟ ਰਿਹਾ ਹੈ ਅਤੇ ਨਾਲ ਹੀ ਧਮਕੀ ਭਰੇ ਲਹਿਜ਼ੇ ‘ਚ ਕਿਹਾ ਕਿ ਉਹ ਆਰਜ਼ੂ (ਲਾਰੈਂਸ ਗੈਂਗ ਨਾਲ ਸਬੰਧਿਤ) ਬੋਲ ਰਿਹਾ ਹਾਂ, ਆਪਣੇ ਪਿਓ ਨੂੰ ਕਹਿ ਦੇ ਕਿ ਉਹ 2 ਕਰੋੜ ਰੁਪਏ ਤਿਆਰ ਰੱਖੇ ਨਹੀਂ ਤਾਂ ਉਸ ਦੇ ਪਿਓ ਗੁਰਪ੍ਰੀਤ ਸਿੰਘ ਚਾਹਲ ਨੂੰ ਮਾਰ ਦੇਵਾਂਗੇ। ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਕਿ ਉਕਤ ਧਮਕੀ ਸੁਣਦਿਆਂ ਹੀ ਉਸ ਨੇ ਫੋਨ ਕੱਟ ਦਿੱਤਾ ਅਤੇ ਕਾਲ ਕਰਨ ਵਾਲੇ ਵਿਅਕਤੀ ਦਾ ਨੰਬਰ ਉਸ ਨੇ ਬਲਾਕ ਕਰ ਦਿੱਤਾ। ਸ਼ਿਕਾਇਤਕਰਤਾ ਨੇ ਪੁਲਸ ਨੂੰ ਉਕਤ ਸ਼ਿਕਾਇਤ ਦੇ ਕੇ ਕਾਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਪੁਲਸ ਪ੍ਰਸਾਸ਼ਨ ਕੋਲੋਂ ਉਸ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਇਸ ਸਬੰਧੀ ਬਲੌਂਗੀ ਪੁਲਸ ਸਟੇਸ਼ਨ ਵਲੋਂ ਮੁਲਜ਼ਮ ਆਰਜੂ ਸਮੇਤ ਤਿੰਨ ਜਣਿਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

