Hospital owner threatened in Bishnoi’s name; Rs 20 crore demanded
ਬਿਸ਼ਨੋਈ ਦੇ ਨਾਂ ’ਤੇ ਇਕ ਹਸਪਤਾਲ ਦੇ ਮਾਲਕ ਨੂੰ ਦਿੱਤੀ ਧਮਕੀ, 20 ਕਰੋੜ ਰੁਪਏ ਦੀ ਕੀਤੀ ਮੰਗ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ ਬਾਹਰੀ ਦਿੱਲੀ ਦੇ ਨਿਹਾਲ ਵਿਹਾਰ ਸਥਿਤ ਇਕ ਨਿੱਜੀ ਹਸਪਤਾਲ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 20 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਸੂਤਰਾਂ ਮੁਤਾਬਕ, ਹਸਪਤਾਲ ਦੇ ਮਾਲਕ ਅਤੇ ਸ਼ਿਕਾਇਤਕਰਤਾ ਸ਼ਕੀਲ ਸੈਫੀ ਤੋਂ 3 ਨਵੰਬਰ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਸੋਸ਼ਲ ਮੀਡੀਆ ਰਾਹੀਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਅਨਿਲ ਪੰਡਿਤ ਵਜੋਂ ਦੱਸੀ ਅਤੇ ਕਥਿਤ ਤੌਰ ’ਤੇ ਦਾਅਵਾ ਕੀਤਾ ਕਿ ਉਸ ਨੇ ਹਸਪਤਾਲ ਦੇ ਮਾਲਕ ਦੀ ਰੇਕੀ ਕੀਤੀ ਹੈ। ਪੁਲਸ ਮੁਤਾਬਕ, ਉਸ ਨੇ ਰਕਮ ਦਾ ਪ੍ਰਬੰਧ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਅਤੇ ਮੰਗ ਪੂਰੀ ਨਾ ਹੋਣ ’ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਸ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨਾਲ ਜੁੜਿਆ ਹੋਇਆ ਦੱਸਿਆ। ਸੈਫੀ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਕ ਦਿਨ ਪਹਿਲਾਂ ਭਾਵ 2 ਨਵੰਬਰ ਨੂੰ ਉਸੇ ਨੰਬਰ ਤੋਂ ਧਮਕੀ ਭਰਿਆ ਵਾਇਸ ਮੈਸੇਜ ਮਿਲਿਆ ਸੀ। ਨਿਹਾਲ ਵਿਹਾਰ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

