Alarm bells for Amritsar residents; advisory issued
ਅੰਮ੍ਰਿਤਸਰ ਵਾਸੀਆਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਐਡਵਾਈਜ਼ਰੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਗੁਰੂ ਨਗਰੀ ਅੰਮ੍ਰਿਤਸਰ ਵਿਚ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਅਤੇ ਜ਼ਹਿਰੀਲੀ ਧੁੰਦ ਨੇ ਲੋਕਾਂ ਦੀ ਸਿਹਤ ਲਈ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹਵਾ ਵਿਚ ਮੌਜੂਦ ਬਰੀਕ ਪ੍ਰਦੂਸ਼ਣ ਕਣ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚ ਕੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਕਾਰਨ ਦਮੇ, ਬ੍ਰੌਂਕਾਈਟਿਸ, ਐਲਰਜੀ, ਦਿਲ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰਦਿਆਂ ਪ੍ਰਦੂਸ਼ਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ। ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਤੋਂ ਹੀ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ’ਤੇ ਪੈਂਦਾ ਹੈ। ਪ੍ਰਦੂਸ਼ਿਤ ਹਵਾ ਵਿੱਚ ਲੰਬੇ ਸਮੇਂ ਤੱਕ ਰਹਿਣ ਨਾਲ ਫੇਫੜਿਆਂ ਦੀ ਕਾਰਜਕੁਸ਼ਲਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਸਾਹ ਲੈਣ ਵਿਚ ਮੁਸ਼ਕਲ, ਲਗਾਤਾਰ ਖੰਘ, ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿਚ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਹਵਾ ਦੀ ਗੁਣਵੱਤਾ ਖ਼ਰਾਬ ਹੋਵੇ ਤਾਂ ਖ਼ਾਸ ਕਰਕੇ ਸਵੇਰੇ ਅਤੇ ਸ਼ਾਮ ਨੂੰ ਬੇਲੋੜਾ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਬਾਹਰ ਜਾਣ ਸਮੇਂ ਐੱਨ-95 ਜਾਂ ਇਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਮਾਸਕ ਪਹਿਨਿਆ ਜਾਵੇ, ਕਿਉਂਕਿ ਆਮ ਕੱਪੜੇ ਦੇ ਮਾਸਕ, ਰੁਮਾਲ ਜਾਂ ਦੁਪੱਟੇ ਨਾਲ ਪ੍ਰਦੂਸ਼ਣ ਦੇ ਬਰੀਕ ਕਣਾਂ ਤੋਂ ਪੂਰੀ ਸੁਰੱਖਿਆ ਨਹੀਂ ਮਿਲਦੀ। ਘਰਾਂ ਵਿੱਚ ਹਵਾਦਾਰੀ ਦਾ ਉਚਿਤ ਪ੍ਰਬੰਧ ਰੱਖਣ ਦੇ ਨਾਲ-ਨਾਲ ਸਫ਼ਾਈ ਲਈ ਸੁੱਕੇ ਝਾੜੂ ਦੀ ਬਜਾਏ ਗਿੱਲੇ ਪੋਚੇ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਧਵਨ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰੋਜ਼ਾਨਾ ਹਵਾ ਦੀ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਦੀ ਜਾਣਕਾਰੀ ਪ੍ਰਦਰਸ਼ਿਤ ਕਰਨ ਅਤੇ ਪ੍ਰਦੂਸ਼ਣ ਵਧਣ ਵਾਲੇ ਦਿਨਾਂ ਵਿੱਚ ਬੱਚਿਆਂ ਦੀਆਂ ਬਾਹਰੀ ਖੇਡਾਂ ਤੇ ਹੋਰ ਗਤੀਵਿਧੀਆਂ ਸੀਮਤ ਰੱਖਣ। ਦਮੇ ਜਾਂ ਸਾਹ ਦੀਆਂ ਹੋਰ ਸਮੱਸਿਆਵਾਂ ਤੋਂ ਪੀੜਤ ਬੱਚਿਆਂ ਲਈ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ। ਪਟਾਕਿਆਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਤੁਰੰਤ ਜ਼ਮੀਨ ’ਤੇ ਲੇਟ ਕੇ ਇੱਧਰ-ਉੱਧਰ ਲੁੜਕ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੜੇ ਹੋਏ ਹਿੱਸੇ ਨੂੰ 20 ਮਿੰਟ ਤੱਕ ਸਾਫ਼ ਅਤੇ ਠੰਢੇ ਵਗਦੇ ਪਾਣੀ ਹੇਠ ਰੱਖਣਾ ਚਾਹੀਦਾ ਹੈ। ਸੜੀ ਹੋਈ ਥਾਂ ’ਤੇ ਬਰਫ਼, ਟੂਥਪੇਸਟ, ਘਿਓ ਜਾਂ ਤੇਲ ਨਹੀਂ ਲਗਾਉਣਾ ਚਾਹੀਦਾ। ਅੱਖ ਵਿਚ ਸੱਟ ਲੱਗਣ ’ਤੇ ਅੱਖ ਨੂੰ ਰਗੜਨ ਤੋਂ ਬਚਣਾ ਚਾਹੀਦਾ ਹੈ ਅਤੇ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹ ਲੈਣ ਵਿਚ ਤਕਲੀਫ਼, ਲਗਾਤਾਰ ਖੰਘ, ਸਾਹ ਵਿਚ ਘਰਘਰਾਹਟ, ਛਾਤੀ ਵਿਚ ਦਰਦ ਜਾਂ ਜਕੜਨ, ਚੱਕਰ ਆਉਣ ਅਤੇ ਅੱਖਾਂ ਵਿਚ ਜਲਣ ਜਾਂ ਲਾਲੀ ਵਰਗੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨੇੜਲੇ ਡਾਕਟਰ ਜਾਂ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਜਨਤਕ ਆਵਾਜਾਈ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਪ੍ਰਦੂਸ਼ਣ ਘਟਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਐਮਰਜੈਂਸੀ ਵਿਚ ਐਂਬੂਲੈਂਸ ਲਈ 108 ਅਤੇ ਹੋਰ ਐਮਰਜੈਂਸੀ ਸਹਾਇਤਾ ਲਈ 112 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਸਿੱਧਾ ਅਸਰ ਫੇਫੜਿਆਂ ਦੀ ਸਿਹਤ ’ਤੇ ਪੈਂਦਾ ਹੈ। ਖ਼ਾਸ ਕਰ ਕੇ ਟੀ. ਬੀ., ਦਮੇ ਅਤੇ ਸਾਹ ਦੀਆਂ ਹੋਰ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਪ੍ਰਦੂਸ਼ਿਤ ਹਵਾ ਵਿਚ ਮੌਜੂਦ ਬਰੀਕ ਕਣ ਸਾਹ ਰਾਹੀਂ ਅੰਦਰ ਜਾ ਕੇ ਫੇਫੜਿਆਂ ਵਿਚ ਸੋਜ ਅਤੇ ਸਾਹ ਸਬੰਧੀ ਸਮੱਸਿਆਵਾਂ ਵਧਾ ਸਕਦੇ ਹਨ। ਉਨ੍ਹਾਂ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਨਿਯਮਿਤ ਤੌਰ ’ਤੇ ਲੈਣ, ਬਿਨਾਂ ਡਾਕਟਰੀ ਸਲਾਹ ਦਵਾਈ ਬੰਦ ਨਾ ਕਰਨ ਅਤੇ ਪ੍ਰਦੂਸ਼ਣ ਜ਼ਿਆਦਾ ਹੋਣ ਸਮੇਂ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਲਗਾਤਾਰ ਖੰਘ, ਬਲਗਮ, ਸਾਹ ਚੜ੍ਹਨ ਜਾਂ ਛਾਤੀ ਵਿੱਚ ਦਰਦ ਹੋਣ ’ਤੇ ਡਾਕਟਰੀ ਜਾਂਚ ਜ਼ਰੂਰ ਕਰਵਾਈ ਜਾਵੇ। ਸਰਕਾਰੀ ਮੈਡੀਕਲ ਕਾਲਜ ਦੇ ਡਾ. ਤੁਸ਼ਾਰ ਬਾਂਸਲ ਨੇ ਦੱਸਿਆ ਕਿ ਹਵਾ ਵਿਚ ਮੌਜੂਦ ਪੀ. ਐੱਮ. 2.5 ਅਤੇ ਪੀ. ਐੱਮ. 10 ਵਰਗੇ ਬਰੀਕ ਪ੍ਰਦੂਸ਼ਣ ਕਣ ਸਾਹ ਰਾਹੀਂ ਫੇਫੜਿਆਂ ਦੇ ਅੰਦਰ ਤੱਕ ਪਹੁੰਚ ਸਕਦੇ ਹਨ। ਪੀ.ਐੱਮ. 2.5 ਦੇ ਕਣ ਖ਼ਾਸ ਤੌਰ ’ਤੇ ਖ਼ਤਰਨਾਕ ਹਨ ਕਿਉਂਕਿ ਇਹ ਫੇਫੜਿਆਂ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਕੇ ਸੋਜ ਪੈਦਾ ਕਰ ਸਕਦੇ ਹਨ। ਇਸ ਨਾਲ ਦਮੇ ਦੇ ਦੌਰੇ ਵਧਣ, ਸਾਹ ਦੀਆਂ ਨਲੀਆਂ ਵਿਚ ਤੰਗੀ ਅਤੇ ਫੇਫੜਿਆਂ ਦੀ ਕਾਰਜਕੁਸ਼ਲਤਾ ਪ੍ਰਭਾਵਿਤ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਦੂਸ਼ਿਤ ਮਾਹੌਲ ਵਿਚ ਕਸਰਤ ਜਾਂ ਸਰੀਰਕ ਮਿਹਨਤ ਕਰਨ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਾਹ ਦੀ ਤਕਲੀਫ਼ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਛਾਤੀ ਰੋਗ ਮਾਹਿਰ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਨਲੀਆਂ ਵਿੱਚ ਜਲਣ ਅਤੇ ਸੋਜ ਹੋ ਸਕਦੀ ਹੈ। ਇਸ ਨਾਲ ਪਹਿਲਾਂ ਤੋਂ ਦਮੇ, ਸੀ. ਓ. ਪੀ. ਡੀ. ਅਤੇ ਬ੍ਰੌਂਕਾਈਟਿਸ ਦੇ ਮਰੀਜ਼ਾਂ ਦੀ ਤਕਲੀਫ਼ ਵਧ ਸਕਦੀ ਹੈ। ਕਈ ਵਾਰ ਤੰਦਰੁਸਤ ਵਿਅਕਤੀਆਂ ਨੂੰ ਵੀ ਲਗਾਤਾਰ ਪ੍ਰਦੂਸ਼ਿਤ ਹਵਾ ਵਿਚ ਰਹਿਣ ਕਾਰਨ ਖੰਘ, ਗਲੇ ਵਿੱਚ ਖਰਾਸ਼, ਸਾਹ ਚੜ੍ਹਨ ਅਤੇ ਛਾਤੀ ਵਿੱਚ ਭਾਰਾਪਣ ਮਹਿਸੂਸ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਵੇਰ ਦੀ ਸੈਰ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਕਸਰਤ ਕਰਨ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਜ਼ਰੂਰ ਜਾਂਚਣ ਦੀ ਸਲਾਹ ਦਿੱਤੀ। ਜਦੋਂ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਵੇ ਤਾਂ ਘਰ ਦੇ ਅੰਦਰ ਰਹਿ ਕੇ ਹਲਕੀ ਕਸਰਤ ਕਰਨੀ ਬਿਹਤਰ ਹੈ। ਸਾਹ ਲੈਣ ਵਿੱਚ ਗੰਭੀਰ ਮੁਸ਼ਕਲ ਹੋਣ ’ਤੇ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ।

