Three components will be prepared from a single unit of blood in a matter of minutes, providing relief to patients, including those suffering from cancer
ਇੱਕ ਯੂਨਿਟ ਖ਼ੂਨ ਤੋਂ ਮਿੰਟਾਂ ‘ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਬਲੱਡ ਬੈਂਕਿੰਗ ਦੀ ਸਹੂਲਤ ਨੂੰ ਹੋਰ ਬਿਹਤਰ ਬਣਾਉਣ ਲਈ ਰੋਟਰੀ ਕਲੱਬ ਚੰਡੀਗੜ੍ਹ ਨੇ ਸੈਕਟਰ-37 ਸਥਿਤ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ (ਆਰ. ਬੀ. ਬੀ. ਐੱਸ. ਆਰ. ਸੀ.) ਨੂੰ ਅਤਿ-ਆਧੁਨਿਕ ਕ੍ਰਾਇਓਫਿਊਜ 16 ਮਸ਼ੀਨ ਸਮਰਪਿਤ ਕੀਤੀ ਹੈ। 65 ਲੱਖ ਰੁਪਏ ਦੀ ਕੀਮਤ ਵਾਲੀ ਮਸ਼ੀਨ ਨਾਲ ਹੁਣ ਇੱਕ ਯੂਨਿਟ ਖ਼ੂਨ ਨੂੰ ਕੁੱਝ ਹੀ ਮਿੰਟਾਂ ‘ਚ ਤਿੰਨ ਅਹਿਮ ਕੰਪੋਨੈਂਟਾਂ ‘ਚ ਵੱਖ ਕੀਤਾ ਜਾ ਸਕੇਗਾ। ਇਸ ਨਾਲ ਡੇਂਗੂ, ਕੈਂਸਰ, ਅਨੀਮੀਆ, ਹਾਦਸਿਆਂ ਅਤੇ ਬਲੀਡਿੰਗ ਡਿਸਆਰਡਰ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ‘ਚ ਮਦਦ ਮਿਲੇਗੀ। ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਵਿਸ਼ਵ ਪ੍ਰਧਾਨ ਰਾਜਿੰਦਰ ਕੇ. ਸਾਬੂ ਨੇ ਮਸ਼ੀਨ ਰਸਮੀ ਤੌਰ ‘ਤੇ ਬਲੱਡ ਬੈਂਕ ਨੂੰ ਸੌਂਪੀ। ਸੀਨੀਅਰ ਡਾਕਟਰ, ਰੋਟੇਰੀਅਨ, ਖ਼ੂਨਦਾਨੀ ਅਤੇ ਸ਼ਹਿਰ ਦੇ ਨਾਗਰਿਕ ਮੌਜੂਦ ਰਹੇ। ਆਰ.ਬੀ.ਬੀ.ਐੱਸ.ਆਰ.ਸੀ. ਦੇ ਨਿਰਦੇਸ਼ਕ ਡਾ. ਮਨੀਸ਼ ਰਾਏ ਨੇ ਦੱਸਿਆ ਕਿ ਬਲੱਡ ਬੈਂਕ ‘ਚ ਪਹਿਲਾਂ ਤੋਂ ਹੀ ਦੋ ਕੰਪੋਨੈਂਟ ਸੈਪਰੇਟਰ ਮਸ਼ੀਨਾਂ ਹਨ। ਨਵੀਂ ਅਤਿ-ਆਧੁਨਿਕ ਮਸ਼ੀਨ ਨਾਲ ਖ਼ੂਨ ਦੇ ਵੱਖ-ਵੱਖ ਕੰਪੋਨੈਂਟ ਤਿਆਰ ਕਰਨ ਦੀ ਪ੍ਰਕਿਰਿਆ ਹੋਰ ਬਿਹਤਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਕ ਯੂਨਿਟ ਖ਼ੂਨ ਤੋਂ ਪੈਕਡ ਰੈੱਡ ਬਲੱਡ ਸੈੱਲਜ਼ (ਪੀ. ਆਰ. ਬੀ. ਸੀ.), ਫ੍ਰੈਸ਼ ਫਰੋਜ਼ਨ ਪਲਾਜ਼ਮਾ (ਐੱਫ. ਐੱਫ. ਪੀ.) ਅਤੇ ਪਲੇਟਲੈਟਸ ਜਾਂ ਕ੍ਰਾਇਓਪ੍ਰੈਸੀਪੀਟੇਟ ਵਰਗੇ ਕੰਪੋਨੈਂਟ ਤਿਆਰ ਕੀਤੇ ਜਾ ਸਕਣਗੇ। ਪੀ. ਆਰ. ਬੀ. ਸੀ. ਦੀ ਵਰਤੋਂ ਅਨੀਮੀਆ, ਸਰਜਰੀ ਅਤੇ ਹਾਦਸਿਆਂ ਦੇ ਮਰੀਜ਼ਾਂ ਦੇ ਇਲਾਜ ਵਿਚ ਹੁੰਦੀ ਹੈ। ਐੱਫ. ਐੱਫ. ਪੀ. ਲਿਵਰ ਦੀ ਬਿਮਾਰੀ ਅਤੇ ਬਲੀਡਿੰਗ ਡਿਸਆਰਡਰ ਲਈ ਲਾਭਦਾਇਕ ਹੈ, ਜਦਕਿ ਪਲੇਟਲੈਟਸ ਅਤੇ ਕ੍ਰਾਇਓਪ੍ਰੈਸੀਪੀਟੇਟ ਡੇਂਗੂ, ਕੈਂਸਰ ਅਤੇ ਹੀਮੋਫੀਲੀਆ ਦੇ ਮਰੀਜ਼ਾਂ ਦੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਬਲੱਡ ਬੈਂਕ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਅਨਿਲ ਨਹਿਰੂ ਨੇ ਦੱਸਿਆ ਕਿ ਮਸ਼ੀਨ ਲਈ ਰੋਟਰੀ ਫਾਊਂਡੇਸ਼ਨ ਦੇ ਗਲੋਬਲ ਗ੍ਰਾਂਟ, ਰਾਜਿੰਦਰ ਕੇ. ਸਾਬੂ ਅਤੇ ਅਮਰੀਕਾ ਦੇ ਰੋਟਰੀ ਕਲੱਬ ਆਫ ਸਾਲਟ ਲੇਕ ਸਿਟੀ, ਰੋਟਰੀ ਕਲੱਬ ਆਫ ਜਗਾਧਰੀ ਅਤੇ ਰੋਟਰੀ ਡਿਸਟ੍ਰਿਕਟ 5420 ਨੇ ਆਰਥਿਕ ਸਹਿਯੋਗ ਦਿੱਤਾ ਹੈ। ਰੋਟਰੀ ਕਲੱਬ ਚੰਡੀਗੜ੍ਹ ਦੀ ਪ੍ਰਧਾਨ ਟੀਨਾ ਵਿਰਕ ਨੇ ਕਿਹਾ ਕਿ ਇਹ ਮਸ਼ੀਨ ਸਿਰਫ਼ ਇੱਕ ਉਪਕਰਨ ਨਹੀਂ, ਸਗੋਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਵਾਅਦਾ ਹੈ। ਖ਼ੂਨਦਾਨ ਰਾਹੀਂ ਮਿਲਣ ਵਾਲਾ ਇੱਕ ਯੂਨਿਟ ਖ਼ੂਨ ਹੁਣ ਤਿੰਨ ਮਰੀਜ਼ਾਂ ਦੀ ਜਾਨ ਬਚਾਉਣ ‘ਚ ਮਦਦ ਕਰ ਸਕਦਾ ਹੈ।

