A trolley loaded with straw caught fire on the Jalandhar-Nakodar highway
ਜਲੰਧਰ-ਨਕੋਦਰ ਹਾਈਵੇਅ ‘ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
ਲਾਂਬੜਾ (ਆਵਾਜ਼ਿ ਕੌਮ ਬਿਊਰੋ)-ਜਲੰਧਰ-ਨਕੋਦਰ ਮੁੱਖ ਸੜਕ ਮਾਰਗ ‘ਤੇ ਉਸ ਸਮੇਂ ਲੋਕਾਂ ਵਿਚ ਭਾਰੀ ਦਹਿਸ਼ਤ ਫੈਲ ਗਈ ਜਦ ਸੜਕ ਤੋਂ ਲੰਘ ਰਹੀ ਇਕ ਟ੍ਰੈਕਟਰ-ਟਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿਚ ਅੱਗ ਇੰਨੀ ਵੱਧ ਗਈ ਕਿ ਵੱਡੀ ਟਰਾਲੀ ਵਿਚ ਲੱਦਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਲਾਂਬੜਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ। ਇਸ ਸਬੰਧੀ ਥਾਣਾ ਮੁਖੀ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ ਬੀਤੇ ਦਿਨ ਕਮਲਜੀਤ ਸਿੰਘ ਵਾਸੀ ਪਿੰਡ ਸਰਕਪੁਰ ਥਾਣਾ ਨਕੋਦਰ ਜਲੰਧਰ ਵਾਲੀ ਸਾਈਡ ਵੱਲੋਂ ਪਰਾਲੀ ਨਾਲ ਟਰਾਲੀ ਲੱਦ ਕੇ ਨਕੋਦਰ ਦੇ ਪਿੰਡ ਵੀਰ ਵਿਖੇ ਗੱਤੇ ਦੀ ਫੈਕਟਰੀ ਨੂੰ ਜਾ ਰਿਹਾ ਸੀ। ਰਸਤੇ ਵਿਚ ਸੜਕ ਉੱਪਰ ਦੀ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵਿਚੋਂ ਸਪਾਰਕਿੰਗ ਹੋਣ ਕਾਰਨ ਟਰਾਲੀ ਦੀ ਪਰਾਲੀ ਵਿਚ ਕੁਝ ਚੰਗਿਆੜੇ ਡਿੱਗ ਪਏ, ਜਿਸ ਕਾਰਨ ਅੱਗ ਸੁਲਗਣੀ ਸ਼ੁਰੂ ਹੋ ਗਈ। ਜਦ ਇਹ ਟ੍ਰੈਕਟਰ-ਟਰਾਲੀ ਇਥੋਂ ਦੇ ਨਜ਼ਦੀਕੀ ਪਿੰਡ ਭਗਵਾਨਪੁਰ ਦੇ ਨੇੜੇ ਪਹੁੰਚੀ ਤਾਂ ਪੂਰੀ ਟਰਾਲੀ ਵਿਚ ਭਿਆਨਕ ਅੱਗ ਫੈਲ ਗਈ। ਇਸ ਬਾਰੇ ਜਦ ਡਰਾਈਵਰ ਨੂੰ ਪਤਾ ਲੱਗਾ ਤਾਂ ਉਸ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਜਲਦੀ ਨਾਲ ਟ੍ਰੈਕਟਰ ਨੂੰ ਟਰਾਲੀ ਤੋਂ ਵੱਖ ਕਰ ਦਿੱਤਾ। ਆਸ-ਪਾਸ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਵੀ ਸਹਾਇਤਾ ਲਈ ਗਈ ਪਰ ਜਦ ਤੱਕ ਪੂਰੀ ਪਰਾਲੀ, ਟਰਾਲੀ ਦੇ ਟਾਇਰ ਆਦਿ ਸੜ ਕੇ ਸਵਾਹ ਹੋ ਗਏ ਸਨ। ਟ੍ਰੈਕਟਰ-ਟਰਾਲੀ ਦੇ ਮਾਲਕ ਕਮਲਜੀਤ ਸਿੰਘ ਨੇ ਦੱਸਿਆਂ ਕਿ ਉਸ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। ਲੋਕਾਂ ਨੇ ਬਿਜਲੀ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ, ਕਿ ਇਸ ਸੜਕ ਉੱਪਰ ਦੀ ਗੁਜ਼ਰ ਰਹੀਆਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਦੀ ਉਚਾਈ ਨੂੰ ਹੋਰ ਵਧਾਉਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਤਰ੍ਹਾਂ ਦੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ।

