64% drop in illegal entries into the US; Indians still rank third
ਅਮਰੀਕਾ ’ਚ ਗ਼ੈਰ-ਕਾਨੂੰਨੀ ਘੁਸਪੈਠ ’ਚ 64 ਫ਼ੀਸਦੀ ਦੀ ਗਿਰਾਵਟ, ਫਿਰ ਵੀ ਭਾਰਤੀ ਤੀਜੇ ਨੰਬਰ ’ਤੇ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖ਼ਤ ਕਾਰਵਾਈ ਦਾ ਅਸਰ ਦਿਸਣ ਲੱਗਾ ਹੈ ਪਰ ਬਿਹਤਰ ਭਵਿੱਖ ਦੀ ਭਾਲ ’ਚ ਅਮਰੀਕਾ ਪਹੁੰਚਣ ਦਾ ਭਾਰਤੀਆਂ ਦਾ ਜਨੂਨ ਘੱਟ ਨਹੀਂ ਹੋਇਆ ਹੈ। ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ (ਸੀ. ਬੀ. ਪੀ.) ਦੇ ਅੰਕੜਿਆਂ ਅਨੁਸਾਰ, ਸਾਲ 2026 ਵਿਚ ਅਮਰੀਕੀ ਸਰਹੱਦ ’ਤੇ 30,528 ਭਾਰਤੀ ਨਾਗਰਿਕ ਫੜੇ ਗਏ। ਇਸ ਮਾਮਲੇ ’ਚ ਭਾਰਤੀ ਮੈਕਸੀਕੋ ਅਤੇ ਕੈਨੇਡਾ ਦੇ ਨਾਗਰਿਕਾਂ ਤੋਂ ਬਾਅਦ ਤੀਜੇ ਸਥਾਨ ’ਤੇ ਰਹੇ। ਮੈਕਸੀਕੋ ਦੇ 1,23,439 ਅਤੇ ਕੈਨੇਡਾ ਦੇ 37,700 ਨਾਗਰਿਕਾਂ ਨੂੰ ਸਰਹੱਦੀ ਅਧਿਕਾਰੀਆਂ ਨੇ ਫੜਿਆ। ਚੀਨ 29,818 ਮਾਮਲਿਆਂ ਨਾਲ ਚੌਥੇ ਸਥਾਨ ’ਤੇ ਰਿਹਾ। ਭਾਰਤੀਆਂ ਵਿਚ ਪੰਜਾਬ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀ ਗਿਣਤੀ ਪ੍ਰਮੁੱਖ ਦੱਸੀ ਜਾ ਰਹੀ ਹੈ। ਅਮਰੀਕਾ ’ਚ ਗੈਰ-ਕਾਨੂੰਨੀ ਦਾਖਲੇ ਦੀਆਂ ਕੋਸ਼ਿਸ਼ਾਂ ਵਿਚ ਸਿਰਫ਼ ਭਾਰਤੀਆਂ ਦੀ ਗਿਣਤੀ ਹੀ ਨਹੀਂ ਘਟੀ, ਸਗੋਂ ਕੁੱਲ ਮਾਮਲਿਆਂ ਵਿਚ ਵੀ ਵੱਡੀ ਗਿਰਾਵਟ ਆਈ ਹੈ। ਵਿੱਤੀ ਵਰ੍ਹੇ 2026 ਵਿਚ ਸਾਰੇ ਦੇਸ਼ਾਂ ਦੇ ਕੁੱਲ 3,82,490 ਲੋਕਾਂ ਨੂੰ ਸਰਹੱਦੀ ਅਧਿਕਾਰੀਆਂ ਨੇ ਫੜਿਆ, ਜਦਕਿ 2025 ਵਿਚ ਇਹ ਅੰਕੜਾ 6,91,906 ਸੀ। ਭਾਵ ਲੱਗਭਗ 45 ਫੀਸਦੀ ਦੀ ਕਮੀ ਆਈ ਹੈ। ਵਿੱਤੀ ਵਰ੍ਹੇ 2024 ਵਿਚ ਲਗਭਗ 29 ਲੱਖ ਅਤੇ 2023 ਵਿਚ ਲੱਗਭਗ 32 ਲੱਖ ਮਾਮਲੇ ਦਰਜ ਕੀਤੇ ਗਏ ਸਨ। ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਈ ਪਰਿਵਾਰਾਂ ਲਈ ਜਾਨਲੇਵਾ ਸਾਬਤ ਹੋਈ ਹੈ। 2022 ਤੋਂ 2025 ਦੇ ਵਿਚਾਲੇ ਗੁਜਰਾਤ ਦੇ ਘੱਟੋ-ਘੱਟ 11 ਲੋਕਾਂ ਦੀ ਮੌਤ ਹੋਈ, ਜਦਕਿ 11 ਹੋਰ ਜ਼ਖਮੀ ਜਾਂ ਲਾਪਤਾ ਹੋਏ। 19 ਜਨਵਰੀ, 2022 ਨੂੰ ਗਾਂਧੀਨਗਰ ਜ਼ਿਲੇ ਦੇ ਡਿੰਗੂਚਾ ਪਿੰਡ ਦੇ ਜਗਦੀਸ਼ ਪਟੇਲ, ਉਨ੍ਹਾਂ ਦੀ ਪਤਨੀ ਵੈਸ਼ਾਲੀ ਅਤੇ ਦੋ ਬੱਚਿਆਂ ਦੀ ਕੈਨੇਡਾ-ਅਮਰੀਕਾ ਸਰਹੱਦ ਨੇੜੇ ਬਰਫ਼ੀਲੇ ਤੂਫ਼ਾਨ ਵਿਚ ਜੰਮਣ ਨਾਲ ਮੌਤ ਹੋ ਗਈ ਸੀ। ਮਾਰਚ 2023 ਵਿਚ ਮਹਿਸਾਣਾ ਦੇ ਮਾਣੇਕਪੁਰਾ ਪਿੰਡ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਕਿਸ਼ਤੀ ਪਲਟਣ ਨਾਲ ਡੁੱਬ ਗਏ। ਮਈ 2025 ’ਚ ਵੀ ਮਹਿਸਾਣਾ ਦੇ ਦੋ ਬੱਚਿਆਂ ਦੀ ਕੈਲੀਫੋਰਨੀਆ ਤੱਟ ਨੇੜੇ ਡੁੱਬਣ ਨਾਲ ਮੌਤ ਹੋਈ। ਗੈਰ-ਕਾਨੂੰਨੀ ਪ੍ਰਵਾਸ ਨੈੱਟਵਰਕ ਨਾਲ ਜੁੜੇ ਸੂਤਰਾਂ ਅਨੁਸਾਰ, ਉੱਤਰੀ ਅਤੇ ਮੱਧ ਗੁਜਰਾਤ ਦੇ ਲੋਕ ਹੁਣ ਵੀ ਮੈਕਸੀਕੋ ਅਤੇ ਕੈਨੇਡਾ ਦੇ ਰਸਤੇ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਏਜੰਟਾਂ ਨੂੰ 80 ਲੱਖ ਤੋਂ ਸਵਾ ਕਰੋੜ ਰੁਪਏ ਤੱਕ ਦਿੱਤੇ ਜਾ ਰਹੇ ਹਨ। ਬਿਹਤਰ ਆਰਥਿਕ ਭਵਿੱਖ ਦਾ ਸੁਪਨਾ ਲੋਕਾਂ ਨੂੰ ਜੋਖਮ ਭਰੇ ਡੰਕੀ ਰੂਟ ਵੱਲ ਆਕਰਸ਼ਿਤ ਕਰ ਰਿਹਾ ਹੈ। ਸੀ. ਬੀ. ਪੀ. ਦੇ ਅੰਕੜਿਆਂ ਮੁਤਾਬਕ, ਪਿਛਲੇ ਤਿੰਨ ਸਾਲਾਂ ’ਚ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਲਗਾਤਾਰ ਗਿਰਾਵਟ ਆਈ ਹੈ। ਵਿੱਤੀ ਵਰ੍ਹੇ 2024 ਵਿਚ 90,415 ਭਾਰਤੀ ਸਰਹੱਦੀ ਅਧਿਕਾਰੀਆਂ ਦੇ ਸੰਪਰਕ ਵਿਚ ਆਏ ਸਨ। 2025 ਵਿਚ ਇਹ ਗਿਣਤੀ ਘਟ ਕੇ 34,146 ਅਤੇ 2026 ਵਿਚ 30,528 ਰਹਿ ਗਈ। ਇਸ ਤਰ੍ਹਾਂ ਦੋ ਸਾਲਾਂ ਵਿਚ ਲੱਗਭਗ 64 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਟਰੰਪ ਨੇ 20 ਜਨਵਰੀ 2025 ਨੂੰ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖ਼ਤ ਮੁਹਿੰਮ ਸ਼ੁਰੂ ਕੀਤੀ ਸੀ।

