Saudi Arabia attacked once again! Houthis targeted an ARAMCO oil company facility
ਸਾਊਦੀ ‘ਤੇ ਇਕ ਵਾਰ ਫ਼ਿਰ ਹੋ ਗਿਆ ਹਮਲਾ ! ਹੂਤੀਆਂ ਨੇ ਤੇਲ ਕੰਪਨੀ ARAMCO ਦੀ ਇਮਾਰਤ ਨੂੰ ਬਣਾਇਆ ਨਿਸ਼ਾਨਾ
Saudi, (ਆਵਾਜ਼ਿ ਕੌਮ ਬਿਊਰੋ)-ਸਾਊਦੀ ਅਰਬ ਦੀ ਰਾਜਧਾਨੀ ਰਿਆਦ ’ਚ ਮਿਜ਼ਾਈਲ ਹਮਲਾ ਹੋਇਆ ਹੈ, ਜਿਸ ਕਾਰਨ ਤੇਲ ਕੰਪਨੀ ‘ਅਰਾਮਕੋ’ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਹਮਲੇ ਦਾ ਦੋਸ਼ ਯਮਨ ਦੇ ਹੂਤੀ ਬਾਗ਼ੀਆਂ ’ਤੇ ਲਾਇਆ ਗਿਆ ਹੈ। ਸਾਊਦੀ ਫ਼ੌਜ ਨੇ ਦੱਸਿਆ ਕਿ ਰਿਆਦ ਵੱਲ ਦਾਗੀਆਂ ਗਈਆਂ 2 ਬੈਲਿਸਟਿਕ ਅਤੇ 2 ਕਰੂਜ਼ ਮਿਜ਼ਾਈਲਾਂ ਨੂੰ ਇੰਟਰਸੈਪਟ (ਰਸਤੇ ’ਚ ਹੀ ਤਬਾਹ) ਕਰ ਦਿੱਤਾ ਗਿਆ ਹੈ। ਸਾਊਦੀ ਮੁਤਾਬਕ ‘ਅਰਾਮਕੋ’ ਦੀ ਇਮਾਰਤ ਨੂੰ ਮਾਮੂਲੀ ਨੁਕਸਾਨ ਪੁੱਜਿਆ ਹੈ। ਹੂਤੀਆਂ ਨੇ ਫਿਲਹਾਲ ‘ਅਰਾਮਕੋ’ ਦੀ ਇਮਾਰਤ ‘ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸਨਾ ’ਚ ਹੋਈਆਂ ਲਗਾਤਾਰ 2 ਏਅਰਸਟ੍ਰਾਈਕਾਂ ਤੋਂ ਬਾਅਦ ਬਦਲਾ ਲੈਣ ਦੀ ਗੱਲ ਕਹੀ ਸੀ। ਸਾਊਦੀ ਸਿਵਲ ਡਿਫ਼ੈਂਸ ਨੇ ਰਿਆਦ ’ਚ ਸੰਭਾਵੀ ਖ਼ਤਰੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ’ਚ ‘ਅਰਾਮਕੋ’ ਦੀ ਇਮਾਰਤ ਦੀਆਂ ਕਈ ਮੰਜ਼ਿਲਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਦਿਖਾਈ ਦੇ ਰਹੇ ਹਨ। ਕੁਝ ਲੋਕਾਂ ਨੇ ਘਟਨਾ ਵਾਲੀ ਥਾਂ ’ਤੇ ਐਂਬੂਲੈਂਸਾਂ ਆਉਂਦੀਆਂ ਵੀ ਦੇਖੀਆਂ ਹਨ। ਹਾਲਾਂਕਿ ਸਾਊਦੀ ਦਾ ਕਹਿਣਾ ਹੈ ਕਿ ਹਮਲੇ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ ਅਤੇ ਕੋਈ ਜ਼ਖ਼ਮੀ ਵੀ ਨਹੀਂ ਹੋਇਆ ਹੈ।

