Major terrorist attack on a police team in Pakistan: 11 personnel killed, 12 others injured
ਪਾਕਿਸਤਾਨ ‘ਚ ਪੁਲਸ ਟੀਮ ‘ਤੇ ਵੱਡਾ ਅੱਤਵਾਦੀ ਹਮਲਾ: 11 ਜਵਾਨਾਂ ਦੀ ਮੌਤ, 12 ਹੋਰ ਜ਼ਖਮੀ
ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੇ ਕੋਹਾਟ ਜ਼ਿਲ੍ਹੇ ਵਿੱਚ ਬੰਦੂਕਧਾਰੀ ਅੱਤਵਾਦੀਆਂ ਵੱਲੋਂ ਪੁਲਸ ਟੀਮ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇੱਕ ਵੱਡੇ ਹਮਲੇ ਵਿੱਚ ਘੱਟੋ-ਘੱਟ 11 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 12 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪੁਲਸ ਦੀ ਟੀਮ ਗ਼ੈਰ-ਕਾਨੂੰਨੀ ਸੋਨੇ ਦੀ ਮਾਈਨਿੰਗ ਵਿਰੁੱਧ ਛਾਪੇਮਾਰੀ ਕਰਨ ਜਾ ਰਹੀ ਸੀ। ਇਸੇ ਦੌਰਾਨ ਕੋਹਾਟ ਅਤੇ ਕਰਕ ਜ਼ਿਲ੍ਹਿਆਂ ਦੇ ਵਿਚਕਾਰ ਸਥਿਤ ਦਰਬੋਕਾਚ ਜਲੰਧਰ ਬਾਂਦਾ ਇਲਾਕੇ ਵਿੱਚ ਰਸਤੇ ਵਿੱਚ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਪੁਲਸ ਟੀਮ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੋਹਾਟ ਪੁਲਸ ਦੇ ਬੁਲਾਰੇ ਮੁਹੰਮਦ ਨੌਮਾਨ ਜ਼ੇਬ ਨੇ 11 ਜਵਾਨਾਂ ਦੀ ਮੌਤ ਅਤੇ 12 ਪੁਲਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਹਮਲਾਵਰਾਂ ਨੇ ਪੁਲਸ ਟੀਮ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਪੁਲਸ ਦੀਆਂ 5 ਗੱਡੀਆਂ ਨੂੰ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹਾਲਾਂਕਿ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਗਿਣਤੀ ਸਬੰਧੀ ਫਿਲਹਾਲ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਪੁਲਸ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਗਏ ਹਨ। ‘ਆਰਮਡ ਕਾਂਫਲਿਕਟ ਲੋਕੇਸ਼ਨ ਐਂਡ ਈਵੈਂਟ ਡੇਟਾ’ (ACLED) ਦੇ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ ਸਾਲ 2022 ਵਿੱਚ 658 ਅੱਤਵਾਦੀ ਹਮਲੇ ਦਰਜ ਕੀਤੇ ਗਏ ਸਨ, ਜੋ ਸਾਲ 2025 ਵਿੱਚ ਵਧ ਕੇ 2,425 ਹੋ ਗਏ ਹਨ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਵਿੱਚ ਸੁਰੱਖਿਆ ਵਿਵਸਥਾ ਸਾਹਮਣੇ ਚੁਣੌਤੀਆਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ।

