Fire breaks out on tanker passing through Strait of Hormuz
ਹੋਰਮੁਜ਼ ਸਟ੍ਰੇਟ ਤੋਂ ਲੰਘ ਰਹੇ ਟੈਂਕਰ ’ਚ ਲੱਗੀ ਅੱਗ
ਦੁਬਈ (ਆਵਾਜ਼ਿ ਕੌਮ ਬਿਊਰੋ)- ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਮੁਤਾਬਕ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਹੋਰਮੁਜ਼ ਸਟ੍ਰੇਟ ’ਚ ਸਮੁੰਦਰੀ ਫੌਜ ਵੱਲੋਂ ਵਿਛਾਈ ਗਈ ਬਾਰੂਦੀ ਸੁਰੰਗ ਨਾਲ ਟਕਰਾਉਣ ਨਾਲ ਇਕ ਟੈਂਕਰ ’ਚ ਅੱਗ ਲੱਗ ਗਈ। ਈਰਾਨ ਦੀ ਸਰਕਾਰੀ ਮੀਡੀਆ ਨੇ ਰੈਵੋਲਿਊਸ਼ਨਰੀ ਗਾਰਡ ਦੇ ਹਵਾਲੇ ਤੋਂ ਦੱਸਿਆ ਕਿ ਟੈਂਕਰ ਹੋਰਮੁਜ਼ ’ਚ ਇਕ ਅਣਧਿਕਾਰਤ ਰਸਤੇ ਤੋਂ ਜਾ ਰਿਹਾ ਸੀ। ਬ੍ਰਿਟਿਸ਼ ਫੌਜ ਨੇ ਦੱਸਿਆ ਕਿ ਹੋਰਮੁਜ਼ ਸਟ੍ਰੇਟ ਤੋਂ ਲੰਘਦੇ ਸਮੇਂ ਇਕ ਟੈਂਕਰ ਵਿਚ ਅੱਗ ਲੱਗ ਗਈ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਸ ਸੈਂਟਰ (ਯੂ.ਕੇ.ਐੱਮ.ਟੀ.ਓ.) ਨੇ ਟੈਂਕਰ ਦੀ ਪਛਾਣ ਜਨਤਕ ਨਹੀਂ ਕੀਤੀ। ਘਟਨਾ ਬਾਰੇ ਹੋਰ ਵੇਰਵੇ ਤਤਕਾਲ ਉਪਲੱਬਧ ਨਹੀਂ ਹੋ ਸਕੇ ਹਨ। ਯੂ. ਕੇ. ਐੱਮ.ਟੀ.ਓ. ਨੇ ਕਿਹਾ ਕਿ ਚਾਲਕ ਟੀਮ ਦੀ ਸਥਿਤੀ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਯੂ.ਕੇ.ਐੱਮ.ਟੀ.ਓ. ਬ੍ਰਿਟਿਸ਼ ਫੌਜ ਦਾ ਇਕ ਹਿੱਸਾ ਹੈ, ਜਿਸ ਦਾ ਕੰਮ ਸਮੁੰਦਰੀ ਸੁਰੱਖਿਆ ਦੀ ਨਿਗਰਾਨੀ ਕਰਨਾ ਹੈ। ਯੂ.ਕੇ.ਐੱਮ.ਟੀ.ਓ. ਨੇ ਪਿਛਲੇ ਮਹੀਨੇ ਕਿਹਾ ਸੀ ਕਿ ਹਮਲਿਆਂ ਦੀ ਸਹੀ ਗਿਣਤੀ ਦੀ ਜਾਣਕਾਰੀ ਦੇਣ ਵਿਚ ‘ਮੁਸ਼ਕਿਲ ਆ ਰਹੀ ਹੈ’ ਕਿਉਂਕਿ ਹੁਣ ਵਧੇਰੇ ਜਹਾਜ਼ ਹਮਲਿਆਂ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੰਦੇ ਹਨ।

