Joe Biden was unaware of his cancer while serving as President; says, ‘If I had known, I wouldn’t have run for re-election.’
ਰਾਸ਼ਟਰਪਤੀ ਰਹਿੰਦਿਆਂ ਕੈਂਸਰ ਤੋਂ ਅਣਜਾਣ ਸਨ ਜੋ ਬਾਈਡੇਨ, ਕਿਹਾ- ‘ਜੇਕਰ ਪਤਾ ਹੁੰਦਾ ਤਾਂ ਦੁਬਾਰਾ ਚੋਣ ਨਾ ਲੜਦਾ’
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਹਿੰਦਿਆਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕੈਂਸਰ (ਮੈਟਾਸਟੈਟਿਕ ਪ੍ਰੋਸਟੇਟ ਕੈਂਸਰ) ਦੀ ਬੀਮਾਰੀ ਤੋਂ ਪੀੜਤ ਹਨ। ਬਾਈਡੇਨ ਅਨੁਸਾਰ ਜੇਕਰ ਉਨ੍ਹਾਂ ਨੂੰ ਆਪਣੀ ਬੀਮਾਰੀ ਬਾਰੇ ਪਹਿਲਾਂ ਜਾਣਕਾਰੀ ਹੁੰਦੀ, ਤਾਂ ਉਹ ਸਾਲ 2024 ਦੀਆਂ ਚੋਣਾਂ ਵਿੱਚ ਦੂਜੀ ਵਾਰ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ ਵਿੱਚ ਬਿਲਕੁਲ ਵੀ ਨਾ ਉਤਰਦੇ। ਵ੍ਹਾਈਟ ਹਾਊਸ ਦੀ ਆਪਣੀ ਨਵੀਂ ਯਾਦਗਾਰੀ ਕਿਤਾਬ (ਮੈਮੋਇਰ) ਦੇ ਰਿਲੀਜ਼ ਹੋਣ ਤੋਂ ਠੀਕ ਪਹਿਲਾਂ ‘ਪੀਪਲ’ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਬਾਈਡੇਨ ਨੇ ਕਿਹਾ, “ਜੇਕਰ ਮੈਨੂੰ ਪਤਾ ਹੁੰਦਾ ਕਿ ਕੈਂਸਰ ਕਾਰਨ ਮੇਰੀ ਤਬੀਅਤ ਖਰਾਬ ਮਹਿਸੂਸ ਹੋ ਰਹੀ ਸੀ, ਤਾਂ ਮੈਂ ਅੱਗੇ ਨਾ ਵਧਦਾ। ਮੈਨੂੰ ਨਹੀਂ ਲੱਗਦਾ ਕਿ ਕੈਂਸਰ ਨਾਲ ਜੂਝ ਰਹੇ 80 ਸਾਲ ਦੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨੀ ਚਾਹੀਦੀ ਹੈ।” ਜ਼ਿਕਰਯੋਗ ਹੈ ਕਿ ਜੂਨ 2024 ਵਿੱਚ ਡੋਨਾਲਡ ਟਰੰਪ ਨਾਲ ਹੋਈ ਬਹਿਸ (ਡਿਬੇਟ) ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਈਡੇਨ ਨੇ ਆਪਣੀ ਚੋਣ ਮੁਹਿੰਮ ਵਾਪਸ ਲੈ ਲਈ ਸੀ। ਸਾਲ 2025 ਵਿੱਚ ਅਹੁਦਾ ਛੱਡਣ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਵਿੱਚ ਮੈਟਾਸਟੈਟਿਕ ਪ੍ਰੋਸਟੇਟ ਕੈਂਸਰ ਦੀ ਪੁਸ਼ਟੀ ਹੋਈ ਸੀ। ਚੋਣ ਮੁਹਿੰਮ ਤੋਂ ਹਟਣ ਤੋਂ ਬਾਅਦ ਬਾਈਡੇਨ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਸੀ। ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਨਾਮਜ਼ਦਗੀ ਮਿਲੀ, ਪਰ ਉਹ ਆਮ ਚੋਣਾਂ ਵਿੱਚ ਡੋਨਾਲਡ ਟਰੰਪ ਤੋਂ ਹਾਰ ਗਏ ਸਨ। ਬਾਈਡੇਨ ਨੇ ਇਹ ਵੀ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਸਮਰੱਥ ਸਨ ਅਤੇ ਉਨ੍ਹਾਂ ਦੀ ਉਮਰ ਅਤੇ ਤਜਰਬਾ ਗਲੋਬਲ ਨੇਤਾਵਾਂ ਨਾਲ ਨਿੱਜੀ ਸੰਬੰਧ ਬਣਾਉਣ ਵਿੱਚ ਮਦਦਗਾਰ ਸਨ। ਇੰਟਰਵਿਊ ਦੌਰਾਨ ਬਾਈਡੇਨ ਨੇ ਆਪਣੇ ਬੇਟੇ ਹਨਟਰ ਬਾਈਡੇਨ ਨੂੰ ਦਿੱਤੀ ਸਰਕਾਰੀ ਮੁਆਫੀ (Pardon) ਦੇ ਫੈਸਲੇ ਦਾ ਵੀ ਬਚਾਅ ਕੀਤਾ। ਹਨਟਰ ਬਾਈਡੇਨ ਨੂੰ 2024 ਵਿੱਚ ਫੈਡਰਲ ਗਨ ਕੇਸ ਅਤੇ ਟੈਕਸ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਜੋ ਬਾਈਡੇਨ ਨੇ ਕਿਹਾ ਕਿ ਡੋਨਾਲਡ ਟਰੰਪ ਦੀ ਬਦਲਾ ਲੈਣ ਦੀ ਆਦਤ ਕਾਰਨ ਇਹ ਫੈਸਲਾ ਲੈਣਾ ਜ਼ਰੂਰੀ ਸੀ। ਉਨ੍ਹਾਂ ਕਿਹਾ, “ਟਰੰਪ ਬਿਨਾਂ ਕਿਸੇ ਆਧਾਰ ਦੇ ਲੋਕਾਂ ਦੇ ਪਿੱਛੇ ਪੈ ਜਾਂਦੇ ਹਨ। ਜੇਕਰ ਮੈਂ ਆਪਣੇ ਪਰਿਵਾਰ ਅਤੇ ਨਾਲ ਕੰਮ ਕਰਨ ਵਾਲਿਆਂ ਨੂੰ ਮੁਆਫੀ ਨਾ ਦਿੰਦਾ, ਤਾਂ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ।” ਉਨ੍ਹਾਂ ਨੇ ਆਪਣੇ ਬੇਟੇ ਦੀ ਤਾਰੀਫ ਕਰਦਿਆਂ ਕਿਹਾ ਕਿ ਹਨਟਰ ਇੱਕ ਸਮਝਦਾਰ ਇਨਸਾਨ ਹੈ ਅਤੇ ਉਨ੍ਹਾਂ ਨੂੰ ਉਸ ‘ਤੇ ਮਾਣ ਹੈ।

