Death of Baljit Kaur, a Punjabi woman who was a victim of domestic violence; investigation underway
ਘਰੇਲੂ ਹਿੰਸਾ ਦੀ ਸ਼ਿਕਾਰ ਪੰਜਾਬਣ ਬਲਜੀਤ ਕੌਰ ਦੀ ਮੌਤ, ਜਾਂਚ ਜਾਰੀ
ਮੈਲਬੌਰਨ (ਆਵਾਜ਼ਿ ਕੌਮ ਬਿਊਰੋ)-ਦੱਖਣ-ਪੂਰਬੀ ਮੈਲਬੌਰਨ ਦੇ ਇਲਾਕੇ ਡੈਂਡੀਨੌਂਗ ਵਿੱਚ ਬੀਤੇ ਸ਼ੁੱਕਰਵਾਰ 6 ਨਵੰਬਰ ਨੂੰ ਵਾਪਰੇ ਇੱਕ ਦਰਦਨਾਕ ਚਾਕੂ ਹਮਲੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਈ 29 ਸਾਲਾ ਪੰਜਾਬੀ ਮੂਲ ਦੀ ਮਹਿਲਾ ਬਲਜੀਤ ਕੌਰ ਨੇ ਘਟਨਾ ਤੋਂ ਪੰਜ ਦਿਨ ਬਾਅਦ ਹਸਪਤਾਲ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਹੈ। ਇਹ ਘਟਨਾ ਡੈਂਡੀਨੌਂਗ ਦੀ ਵੁੱਡਲੀ ਸਟ੍ਰੀਟ ਸਥਿਤ ਇੱਕ ਰਿਹਾਇਸ਼ੀ ਜਾਇਦਾਦ ‘ਤੇ ਵਾਪਰੀ ਸੀ, ਜਿੱਥੇ ਐਮਰਜੈਂਸੀ ਸੇਵਾਵਾਂ ਨੂੰ ਤਿੰਨ ਵਿਅਕਤੀਆਂ ਨੂੰ ਚਾਕੂ ਮਾਰੇ ਜਾਣ ਦੀ ਸੂਚਨਾ ਮਿਲੀ ਸੀ । ਇਸ ਹਮਲੇ ਦੌਰਾਨ ਘਰੋਂ ਦੋ ਹੋਰ ਵਿਅਕਤੀ ਵੀ ਜ਼ਖਮੀ ਹਾਲਤ ਵਿੱਚ ਮਿਲੇ ਸਨ, ਜਿਨ੍ਹਾਂ ਵਿੱਚ 26 ਸਾਲਾ ਨੌਜਵਾਨ ਅਤੇ 35 ਸਾਲਾ ਵਿਅਕਤੀ ਸ਼ਾਮਲ ਹਨ ਅਤੇ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਮ੍ਰਿਤਕਾ ਦਾ ਪਤੀ ਹੈ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਪੁਲਸ ਪਹਿਰੇ ਹੇਠ ਜ਼ੇਰੇ ਇਲਾਜ ਹੈ। ਵਿਕਟੋਰੀਆ ਪੁਲਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਵਿੱਚ ਸ਼ਾਮਲ ਸਾਰੇ ਵਿਅਕਤੀ ਆਪਸ ਵਿੱਚ ਜਾਣਕਾਰ ਸਨ, ਜਿਸ ਕਾਰਨ ਕਿਸੇ ਹੋਰ ਬਾਹਰੀ ਵਿਅਕਤੀ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਬਲਜੀਤ ਕੌਰ ਦੀ ਬੇਵਕਤੀ ਮੌਤ ਕਾਰਨ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਿਨ੍ਹਾਂ ਨੂੰ ਆਪਣੀ ਧੀ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਆਸਟ੍ਰੇਲੀਆ ਆਉਣ ਵਾਸਤੇ ਵੀਜ਼ਾ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ, ਜਦਕਿ ਸਮਾਜਿਕ ਸੰਸਥਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਸੋਸ਼ਲ ਮੀਡੀਆ ‘ਤੇ ਬੇਬੁਨਿਆਦ ਅਫਵਾਹਾਂ ਫੈਲਾਉਣ ਦੀ ਬਜਾਏ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਅਤੇ ਸੰਵੇਦਨਸ਼ੀਲਤਾ ਦਿਖਾਈ ਜਾਵੇ। ਇਸ ਅਚਨਚੇਤ ਘਟਨਾ ਤੇ ਪੰਜਾਬੀ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।

