Major change in the Indian visa system! Centre reduces visa categories
ਭਾਰਤੀ ਵੀਜ਼ਾ ਸਿਸਟਮ ‘ਚ ਹੋਇਆ ਵੱਡਾ ਬਦਲਾਅ ! ਕੇਂਦਰ ਨੇ ਘਟਾਈਆਂ Visa Categories
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਵਿਦੇਸ਼ੀ ਨਾਗਰਿਕਾਂ ਲਈ ਭਾਰਤ ਦੀ ਯਾਤਰਾ ਨੂੰ ਹੋਰ ਆਸਾਨ ਬਣਾਉਣ ਅਤੇ ਟੂਰਿਜ਼ਮ, ਇਲਾਜ, ਸਿੱਖਿਆ ਤੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਵੀਜ਼ਾ ਸਿਸਟਮ ‘ਚ ਵੱਡਾ ਬਦਲਾਅ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ ਨੂੰ 49 ਤੋਂ ਘਟਾ ਕੇ 23 ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਪਲੀਕੇਸ਼ਨ ਫ਼ਾਰਮਾਂ ‘ਚੋਂ 65-70 ਫ਼ੀਸਦੀ ਤੱਕ ਗ਼ੈਰ-ਜ਼ਰੂਰੀ ਕਾਲਮ ਘਟਾ ਦਿੱਤੇ ਗਏ ਹਨ। 2026 ਦੇ ਅੰਤ ਤੱਕ ਨਵੇਂ ਸਿਸਟਮ ਤਹਿਤ ਵੀਜ਼ਾ ਜਾਰੀ ਹੋਣੇ ਸ਼ੁਰੂ ਹੋ ਜਾਣਗੇ। ਵਿਦੇਸ਼ੀ ਨਾਗਰਿਕਾਂ ਨੂੰ ਹੁਣ ‘ਟੂਰਿਸਟ ਵੀਜ਼ਾ’ ਦੀ ਜਗ੍ਹਾ ‘ਵਿਜ਼ਿਟਰ ਵੀਜ਼ਾ’ ਦਿੱਤਾ ਜਾਵੇਗਾ। ਇਸ ‘ਚ ਸਭ ਤੋਂ ਪਹਿਲਾਂ V-1 ਵੀਜ਼ਾ, ਜੋ ਕਿ 30 ਦਿਨਾਂ ਲਈ ਮਲਟੀਪਲ ਐਂਟਰੀ ਨਾਲ ਮਿਲੇਗਾ। ਇਸ ਤਹਿਤ ਟੂਰਿਜ਼ਮ ਤੋਂ ਇਲਾਵਾ ਛੋਟੀਆਂ ਬਿਜ਼ਨੈੱਸ ਮੀਟਿੰਗਾਂ, ਡਾਕਟਰੀ ਸਲਾਹ, ਵੈਲਨੈੱਸ, ਯੋਗਾ ਅਤੇ ਭਾਰਤੀ ਭਾਸ਼ਾਵਾਂ, ਸੰਗੀਤ ਤੇ ਕਲਾ ਦੇ ਛੋਟੇ ਕੋਰਸ ਕੀਤੇ ਜਾ ਸਕਣਗੇ। ਲੰਬੇ ਸਮੇਂ ਦੀ ਸਟੇਅ ਜਿਵੇਂ 1, 5 ਜਾਂ 10 ਸਾਲ ਲਈ V-2 ਵੀਜ਼ਾ ਮਿਲੇਗਾ, ਜਿਸ ‘ਚ V-1 ਦੀਆਂ ਸਾਰੀਆਂ ਸਹੂਲਤਾਂ ਦੇ ਨਾਲ ਪਰਬਤਾਰੋਹੀ ਲਈ 6 ਮਹੀਨਿਆਂ ਦੀ ਮਲਟੀਪਲ ਐਂਟਰੀ ਵੀ ਸ਼ਾਮਲ ਹੈ। ਆਮ ਇਲਾਜ ਲਈ M-1 ਅਤੇ ਆਯੁਸ਼ ਸਿਸਟਮ ਤਹਿਤ ਇਲਾਜ ਲਈ M-3 ਵੀਜ਼ਾ ਹੁਣ ਡਿਫਾਲਟ ਰੂਪ ਵਿੱਚ 1 ਸਾਲ ਦੀ ਮਿਆਦ ਅਤੇ ਮਲਟੀਪਲ ਐਂਟਰੀ ਨਾਲ ਮਿਲੇਗਾ। ਮਰੀਜ਼ਾਂ ਦੇ ਅਟੈਂਡੈਂਟਾਂ ਲਈ ਵੱਖਰੇ ਤੌਰ ‘ਤੇ M-2 ਅਤੇ M-4 ਵੀਜ਼ਾ ਜਾਰੀ ਹੋਣਗੇ। S-1 ਵੀਜ਼ਾ: ਸਕੂਲ, ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੜ੍ਹਾਈ ਲਈ ‘Study in India’ ਪੋਰਟਲ ਰਾਹੀਂ ਦਾਖ਼ਲੇ ‘ਤੇ 5 ਸਾਲ ਜਾਂ ਕੋਰਸ ਦੀ ਮਿਆਦ ਤੱਕ e-S1 ਵੀਜ਼ਾ ਮਿਲੇਗਾ। S-2 ਵੀਜ਼ਾ: ਪੀ.ਐੱਚ.ਡੀ., ਖੋਜਕਰਤਾਵਾਂ, ਵਿਜ਼ਿਟਿੰਗ ਫੈਕਲਟੀ, ਇੰਟਰਨਸ਼ਿਪ ਅਤੇ ਐਕਸਚੇਂਜ ਪ੍ਰੋਗਰਾਮਾਂ ਲਈ ਹੋਵੇਗਾ। B-1 ਵੀਜ਼ਾ: ਭਾਰਤ ‘ਚ ਉਦਯੋਗਿਕ ਜਾਂ ਵਪਾਰਕ ਉੱਦਮ ਸਥਾਪਤ ਕਰਨ ਵਰਗੀਆਂ ਲੰਬੇ ਸਮੇਂ ਦੀਆਂ ਗਤੀਵਿਧੀਆਂ ਲਈ B-1 ਵੀਜ਼ਾ ਦਿੱਤਾ ਜਾਵੇਗਾ, ਜਦਕਿ ਥੋੜ੍ਹੇ ਸਮੇਂ ਦੇ ਛੋਟੇ ਕਾਂਟਰੈਕਟਸ, ਕਾਨਫਰੰਸਾਂ, ਖੇਡਾਂ, ਕਲਚਰਲ ਪ੍ਰੋਗਰਾਮ, ਫਿਲਮ ਸ਼ੂਟਿੰਗ ਅਤੇ ਭਾਰਤੀ ਕੰਪਨੀਆਂ ਵੱਲੋਂ ਬੁਲਾਏ ਗਏ ਵਿਦੇਸ਼ੀ ਮਾਹਿਰਾਂ ਲਈ b-2 ਵੀਜ਼ਾ ਜਾਰੀ ਕੀਤਾ ਜਾਵੇਗਾ।। ਨਵੇਂ ਵੀਜ਼ਾ ਸਿਸਟਮ ‘ਚ ਬਿਜ਼ਨੈੱਸ, ਡਿਪਲੋਮੈਟਿਕ, ਵਰਕ, ਪੱਤਰਕਾਰ, ਮੈਡੀਕਲ, ਆਫੀਸ਼ੀਅਲ, ਸਟੂਡੈਂਟ, ਵਿਜ਼ਿਟਰ ਅਤੇ ਫੁਟਕਲ (ਭਾਰਤੀ ਮੂਲ ਦੇ ਵਿਅਕਤੀ, ਅਫਗਾਨ ਨਾਗਰਿਕ ਤੇ ਗੁਆਂਢੀ ਦੇਸ਼ਾਂ ਦੇ ਲੰਬੀ ਮਿਆਦ ਦੇ ਵੀਜ਼ਾ ਹੋਲਡਰ) ਵੀਜ਼ਾ ਕੈਟੇਗਰੀਆਂ ਸ਼ਾਮਲ ਹਨ। ਮੌਜੂਦਾ ਸਮੇਂ ਭਾਰਤ ਵੱਲੋਂ 172 ਦੇਸ਼ਾਂ ਦੇ ਨਾਗਰਿਕਾਂ ਨੂੰ ਈ-ਵੀਜ਼ਾ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ।

