Census to begin in Punjab from December 1; 9 digital LED vans flagged off
ਪੰਜਾਬ ‘ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਜਨਗਣਨਾ, 9 ਡਿਜੀਟਲ ਐੱਲ.ਈ.ਡੀ. ਵੈਨਾਂ ਰਵਾਨਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਜਾਗਰੂਕਤਾ ਫੈਲਾਉਣ ਲਈ ਡਾਇਰੈਕਟਰ ਜਨਗਣਨਾ ਸੰਚਾਲਨ ਡਾ. ਨਵਜੋਤ ਖੋਸਾ ਨੇ ਬੁੱਧਵਾਰ ਨੂੰ 9 ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵੈਨਾਂ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ, ਕਸਬਿਆਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਜਨਗਣਨਾ ਪ੍ਰਕਿਰਿਆ ਬਾਰੇ ਜਾਗਰੂਕ ਕਰਨਗੀਆਂ। ਪੰਜਾਬ ’ਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ, ਜਦਕਿ ਲੋਕ 16 ਤੋਂ 30 ਨਵੰਬਰ ਤੱਕ ਖੁਦ ਆਨਲਾਈਨ ਜਾਣਕਾਰੀ ਦਰਜ ਕਰ ਸਕਣਗੇ। ਇਸ ਲਈ ਨਾਗਰਿਕ ਅਧਿਕਾਰਤ ਪੋਰਟਲ se.census.gov.in ’ਤੇ ਜਾ ਕੇ 40 ਸਵਾਲਾਂ ਦੇ ਜਵਾਬ ਭਰ ਸਕਦੇ ਹਨ। ਸਵੈ-ਗਣਨਾ ਦੀ ਸਹੂਲਤ 30 ਨਵੰਬਰ ਨੂੰ ਬੰਦ ਹੋ ਜਾਵੇਗੀ। ਡਾ. ਨਵਜੋਤ ਖੋਸਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ’ਚ ਸਰਗਰਮੀ ਨਾਲ ਹਿੱਸਾ ਲੈਣ ਤੇ ਘਰਾਂ ’ਚ ਆਉਣ ਵਾਲੇ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹਾਇਤਾ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ 1855 ਵੀ ਜਾਰੀ ਕੀਤਾ ਗਿਆ ਹੈ, ਜਿਸ ’ਤੇ ਜਨਗਣਨਾ ਸਬੰਧੀ ਜਾਣਕਾਰੀ ਅਤੇ ਸ਼ੰਕਿਆਂ ਦਾ ਹੱਲ ਪ੍ਰਾਪਤ ਕੀਤਾ ਜਾ ਸਕਦਾ ਹੈ। ਜਨਗਣਨਾ ਦੀ ਰੈਫਰੈਂਸ ਮਿਤੀ 5 ਜਨਵਰੀ 2027 ਨਿਰਧਾਰਤ ਕੀਤੀ ਗਈ ਹੈ।

