Indiscriminate firing near the White House; attacker shoots 5 people
ਵ੍ਹਾਈਟ ਹਾਊਸ ਨੇੜੇ ਅੰਨ੍ਹੇਵਾਹ ਗੋਲੀਬਾਰੀ, ਹਮਲਾਵਰ ਨੇ 5 ਲੋਕਾਂ ਨੂੰ ਮਾਰੀ ਗੋਲੀ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਰਾਸ਼ਟਰਪਤੀ ਦਫ਼ਤਰ ‘ਵ੍ਹਾਈਟ ਹਾਊਸ’ ਤੋਂ ਪੈਦਲ ਦੂਰੀ ‘ਤੇ ਸਥਿਤ ਇੱਕ ਰੌਣਕ ਵਾਲੇ ਇਲਾਕੇ ਵਿੱਚ ਪੰਜ ਲੋਕਾਂ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ, ਜਿਸ ਦੀ ਭਾਲ ਲਈ ਵੱਡੇ ਪੱਧਰ ‘ਤੇ ਕਾਰਵਾਈ ਚਲਾਈ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਵ੍ਹਾਈਟ ਹਾਊਸ ਤੋਂ ਲਗਭਗ ਇੱਕ ਮੀਲ ਦੂਰ ਸਥਿਤ ‘ਲੋਗਾਨ ਸਰਕਲ’ ਇਲਾਕੇ ਵਿੱਚ ਵਾਪਰੀ। ਪੁਲਸ ਵਿਭਾਗ ਦੀ ਬੁਲਾਰਾ ਨਿਕੋਲ ਡੀਏਨਰ ਅਨੁਸਾਰ ਫਿਲਹਾਲ ਹਮਲਾਵਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੈ ਅਤੇ ਘਟਨਾ ਵਾਲੀ ਥਾਂ ਬਾਰੇ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਹੈ। ਪੁਲਸ ਅਫ਼ਸਰ ਨਥਾਨ ਕਲਾਰਕ ਨੇ ਦੱਸਿਆ ਕਿ ਘਟਨਾ ਸਬੰਧੀ ਵਿਸਥਾਰਤ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਸ ਨੇ ਆਮ ਲੋਕਾਂ ਨੂੰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ ਅਤੇ ਇਲਾਕੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ‘ਬਿਊਰੋ ਆਫ਼ ਅਲਕੋਹਲ, ਟੋਬੈਕੋ, ਫਾਇਰਆਰਮਜ਼ ਐਂਡ ਐਕਸਪਲੋਸਿਵਜ਼’ (ATF) ਨੇ ਦੱਸਿਆ ਕਿ ਸਥਾਨਕ ਪੁਲਸ ਦੀ ਮਦਦ ਲਈ ਉਨ੍ਹਾਂ ਨੇ ਆਪਣੇ ਵਿਸ਼ੇਸ਼ ਅਫ਼ਸਰਾਂ ਦੀ ਟੀਮ ਮੌਕੇ ‘ਤੇ ਭੇਜੀ ਹੈ, ਜੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

