3 people, including a newlywed Punjabi couple, die in New Zealand
ਨਿਊਜ਼ੀਲੈਂਡ ‘ਚ ਪੰਜਾਬੀ ਨਵ-ਵਿਆਹੇ ਜੋੜੇ ਸਮੇਤ 3 ਜਣਿਆਂ ਦੀ ਮੌਤ
Auckland, (ਆਵਾਜ਼ਿ ਕੌਮ ਬਿਊਰੋ)-ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਇੱਕ ਨਵ-ਵਿਆਹੇ ਜੋੜੇ ਅਤੇ ਉਨ੍ਹਾਂ ਦੇ ਸਾਲੇ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਐਤਵਾਰ ਰਾਤ ਟਾਕਾਨੀਨੀ ਦੇ ਗ੍ਰੇਟ ਸਾਊਥ ਰੋਡ ‘ਤੇ ਉਸ ਸਮੇਂ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ‘ਬਰਗਰਫਿਊਲ’ ਰੈਸਟੋਰੈਂਟ ਦੀ ਇਮਾਰਤ ਨਾਲ ਜਾ ਟਕਰਾਈ। ਰਿਪੋਰਟਾਂ ਅਨੁਸਾਰ ਹਾਦਸੇ ਵੇਲੇ ਕਾਰ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਸੁਖਦੀਪ ਸਿੰਘ (33), ਉਸ ਦੀ ਪਤਨੀ ਸੁਖਵੀਰ ਕੌਰ (29) ਅਤੇ ਉਨ੍ਹਾਂ ਦੇ ਸਾਲੇ ਗੁਰਪ੍ਰੀਤ ਸਿੰਘ (38) ਵਜੋਂ ਹੋਈ ਹੈ। ਸੁਖਦੀਪ ਸਿੰਘ ਬਠਿੰਡਾ ਦੇ ਗੋਨਿਆਣਾ ਖੁਰਦ ਨਾਲ ਸਬੰਧਤ ਸੀ ਅਤੇ ਕੋਰੀਅਰ ਸਰਵਿਸ ਦਾ ਕਾਰੋਬਾਰ ਚਲਾ ਰਿਹਾ ਸੀ ਜਦਕਿ ਉਸ ਦੀ ਸੁਖਵੀਰ ਕੌਰ ਮੋਗਾ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਨਾਲ ਸਬੰਧਤ ਸੀ ਜੋ ਇਸ ਸਾਲ ਵਿਆਹ ਮਗਰੋਂ ਕੁਝ ਮਹੀਨੇ ਪਹਿਲਾਂ ਹੀ ਨਿਊਜ਼ੀਲੈਂਡ ਪੁੱਜੀ। ਗੁਰਪ੍ਰੀਤ ਸਿੰਘ ਤਿੰਨ ਸਾਲ ਤੋਂ ਨਿਊਜ਼ੀਲੈਂਡ ਵਿਚ ਕੋਰੀਅਰ ਸਰਵਿਸ ਵਾਲੀ ਵੈਨ ਚਲਾਉਂਦਾ ਸੀ। ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਤਿੰਨੋਂ ਇੱਕੋ ਪਰਿਵਾਰ ਨਾਲ ਸਬੰਧਤ ਸਨ ਅਤੇ ਸਾਊਥ ਆਕਲੈਂਡ ਵਿੱਚ ਇੱਕਠੇ ਰਹਿ ਰਹੇ ਸਨ। ਸੁਖਦੀਪ ਅਤੇ ਸੁਖਵੀਰ ਦਾ ਵਿਆਹ ਮਹਿਜ਼ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਕੁਝ ਸਮਾਂ ਪਹਿਲਾਂ ਹੀ ਨਿਊਜ਼ੀਲੈਂਡ ਆਈ ਸੀ। ਪਰਿਵਾਰ ਅਤੇ ਸਥਾਨਕ ਭਾਈਚਾਰਾ ਮ੍ਰਿਤਕ ਦੇਹਾਂ ਨੂੰ ਅੰਤਿਮ ਰਸਮਾਂ ਲਈ ਪੰਜਾਬ ਭੇਜਣ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਦਲਜੀਤ ਸਿੰਘ ਅਨੁਸਾਰ ਤਿੰਨਾਂ ਦੇਹਾਂ ਨੂੰ ਪੰਜਾਬ ਭੇਜਣ ‘ਤੇ ਲਗਭਗ 40,000 ਤੋਂ 50,000 ਨਿਊਜ਼ੀਲੈਂਡ ਡਾਲਰ ਦਾ ਭਾਰੀ ਖ਼ਰਚਾ ਆਉਣ ਦਾ ਅਨੁਮਾਨ ਹੈ। ਇਸ ਖ਼ਰਚੇ ਵਿੱਚ ਪਰਿਵਾਰ ਦੀ ਮਦਦ ਲਈ ਸੁਪਰੀਮ ਸਿੱਖ ਸੁਸਾਇਟੀ ਦੁਆਰਾ ‘ਗਿਵ-ਏ-ਲਿਟਲ’ (Givealittle) ਫੰਡਰਾਈਜ਼ਿੰਗ ਪੇਜ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਸਥਾਨਕ ਪੁਲਸ ਦੇ ਬੁਲਾਰੇ ਅਨੁਸਾਰ ਮ੍ਰਿਤਕ ਦੇਹਾਂ ਦੀ ਅਧਿਕਾਰਤ ਪਛਾਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

