23-year record broken during Trump’s administration: 483,000 illegal immigrants deported from the US in one year
ਟਰੰਪ ਰਾਜ ਦੌਰਾਨ ਟੁੱਟਿਆ 23 ਸਾਲਾਂ ਦਾ ਰਿਕਾਰਡ, 1 ਸਾਲ ‘ਚ 4.83 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਡਿਪੋਰਟ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਚਲਾਈ ਗਈ ਸਖ਼ਤ ਮੁਹਿੰਮ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਵਿੱਤੀ ਵਰ੍ਹੇ 2026 ਦੌਰਾਨ ਆਪਣੇ 23 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ 4,83,200 ਲੋਕਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ (DHS) ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਬਾਈਡੇਨ ਕਾਰਜਕਾਲ ਨਾਲੋਂ 78% ਵਾਧਾ: 30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੇ ਇਹ ਅੰਕੜੇ ਜੋ ਬਾਈਡੇਨ ਦੇ ਅੰਤਿਮ ਵਰ੍ਹੇ (2024: 2,71,480) ਨਾਲੋਂ 78 ਫੀਸਦੀ ਵੱਧ ਹਨ, ਜਦਕਿ ਪਿਛਲੇ ਸਾਲ 2025 (4,42,640) ਦੇ ਮੁਕਾਬਲੇ ਇਹ 9 ਫੀਸਦੀ ਜ਼ਿਆਦਾ ਹਨ। 2014 ਤੋਂ ਬਾਅਦ ਸਭ ਤੋਂ ਵੱਡੀ ਕਾਰਵਾਈ: ਇਹ 2014 (ਬਰਾਕ ਓਬਾਮਾ ਕਾਰਜਕਾਲ: 4,05,090) ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਧ 11 ਲੱਖ ਡਿਪੋਰਟੇਸ਼ਨ 1954 ਵਿੱਚ ਰਾਸ਼ਟਰਪਤੀ ਡਵਾਇਟ ਡੀ. ਆਈਜ਼ਨਹਾਵਰ ਦੇ ਸਮੇਂ ਹੋਈ ਸੀ। ਵ੍ਹਾਈਟ ਹਾਊਸ ਦੇ ਟੀਚੇ ਤੋਂ ਪਿੱਛੇ: ਵ੍ਹਾਈਟ ਹਾਊਸ ਵੱਲੋਂ ਸਾਲਾਨਾ 10 ਲੱਖ ਲੋਕਾਂ ਨੂੰ ਬਾਹਰ ਕੱਢਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨਾਲੋਂ ਇਹ ਅੰਕੜਾ ਕਾਫ਼ੀ ਘੱਟ ਹੈ। ਡਾਟਾ ਅਨੁਸਾਰ ਜੁਲਾਈ ਵਿੱਚ ਡਿਪੋਰਟ ਕੀਤੇ ਗਏ ਲੋਕਾਂ ਵਿੱਚੋਂ ਸਿਰਫ਼ ਇੱਕ-ਚੌਥਾਈ ਹੀ ਅਪਰਾਧੀ ਸਨ, ਜਦਕਿ ਅੱਧੇ ਤੋਂ ਵੱਧ ‘ਤੇ ਕੋਈ ਦੋਸ਼ ਵੀ ਦਰਜ ਨਹੀਂ ਸੀ। ਹੋਮਲੈਂਡ ਸਕਿਓਰਿਟੀ ਸਕੱਤਰ ਮਾਰਕਵੇਨ ਮੁਲਿਨ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ICE ਨੂੰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਬਾਹਰ ਕੱਢਣ ਦੀ ਪੂਰੀ ਛੋਟ ਦਿੱਤੀ ਗਈ ਹੈ, ਤਾਂ ਜੋ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪੋਰਟੇਸ਼ਨ ਮੁਹਿੰਮ ਦੌਰਾਨ ਮਿਨੀਆਪੋਲਿਸ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਉੱਥੇ 2,000 ਤੋਂ ਵੱਧ ਫ਼ੈਡਰਲ ਅਧਿਕਾਰੀਆਂ ਦੀ ਤੈਨਾਤੀ ਤੋਂ ਬਾਅਦ ਹੋਈਆਂ ਝੜਪਾਂ ਵਿੱਚ ਦੋ ਅਮਰੀਕੀ ਨਾਗਰਿਕਾਂ ਰੇਨੀ ਗੁਡ (37) ਅਤੇ ਐਲੇਕਸ ਪ੍ਰੀਟੀ (37) ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਜਨਤਕ ਛਾਪੇਮਾਰੀ ਦੀ ਬਜਾਏ ਗੁਪਤ ਤਰੀਕੇ ਨਾਲ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਖੇਤਾਂ ਅਤੇ ਫੈਕਟਰੀਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਗ੍ਰਾਮੀਣ ਇਲਾਕਿਆਂ ਦੇ ਰਵਾਇਤੀ ਰਿਪਬਲਿਕਨ ਵੋਟਰ ਵੀ ਨਾਰਾਜ਼ ਹੋ ਗਏ। ਇਸ ਜਨਤਕ ਆਕਰੋਸ਼ ਅਤੇ ਸਿਆਸੀ ਵਿਰੋਧ ਕਾਰਨ ਹਾਲ ਹੀ ਵਿੱਚ ਹੋਈਆਂ ਮਿਡਟਰਮ ਚੋਣਾਂ ਵਿੱਚ ਡੈਮੋਕ੍ਰੇਟਸ ਨੇ ਭਾਰੀ ਜਿੱਤ ਦਰਜ ਕੀਤੀ ਹੈ।

