4 members of the same family die in a massive fire; CM Pema Khandu expresses grief
ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, CM ਪੇਮਾ ਖਾਂਡੂ ਨੇ ਜਤਾਇਆ ਦੁੱਖ
ਇਟਾਨਗਰ (ਆਵਾਜ਼ਿ ਕੌਮ ਬਿਊਰੋ)- ਅਰੁਣਾਚਲ ਪ੍ਰਦੇਸ਼ ਦੇ ਕੁਰੁੰਗ ਕੁਮੇ ਜ਼ਿਲ੍ਹੇ ਦੇ ਦੂਰ-ਦੁਰਾਡੇ ਸਥਿਤ ਪਾਰਸੀ-ਪਾਰਲੋ ਕਸਬੇ ਵਿੱਚ ਵੀਰਵਾਰ ਤੜਕੇ ਲੱਗੀ ਭਿਆਨਕ ਅੱਗ ਵਿੱਚ ਤਿੰਨ ਨਾਬਾਲਗਾਂ ਸਮੇਤ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਕੁਰੁੰਗ ਕੁਮੇ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਫ਼ਸਰ ਅਨੁਸਾਰ ਇਹ ਹਾਦਸਾ ਤੜਕੇ ਲਗਭਗ 2 ਵਜੇ ਵਾਪਰਿਆ, ਜਿਸ ਵਿੱਚ 24 ਘਰ ਨੁਕਸਾਨੇ ਗਏ ਅਤੇ ਕਈ ਪਰਿਵਾਰ ਬੇਘਰ ਹੋ ਗਏ। ਪ੍ਰਭਾਵਿਤ 24 ਘਰਾਂ ਵਿੱਚੋਂ 19 ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ, ਜਦਕਿ 5 ਘਰਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਔਰਤ ਡੋਂਗਡਾ ਯਾਨੂ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਡੋਂਗਡਾ ਕਰਸਾਂਗ, ਡੋਂਗਡਾ ਮਾਜੀ ਅਤੇ ਡੋਂਗਡਾ ਅਮਜੀ ਵਜੋਂ ਹੋਈ ਹੈ। ਹਾਦਸੇ ਦੌਰਾਨ ਔਰਤ ਦੇ ਪਤੀ ਡੋਂਗਡਾ ਤਾਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਅਤੇ ਉਹ ਇਸ ਪਰਿਵਾਰ ਦੇ ਇਕਲੌਤੇ ਜਿਉਂਦੇ ਬਚੇ ਮੈਂਬਰ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪਾਰਸੀ-ਪਾਰਲੋ ਦੇ ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾ ਕਰਮਚਾਰੀ, ਸਥਾਨਕ ਪੁਲਸ, ਸਿਖਲਾਈ ਪ੍ਰਾਪਤ ਭਾਈਚਾਰਕ ਸਵੈ-ਸੇਵਕ ਅਤੇ ਸਥਾਨਕ ਨਿਵਾਸੀ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟ ਗਏ। ਕਾਫ਼ੀ ਮਸ਼ੱਕਤ ਤੋਂ ਬਾਅਦ ਸਵੇਰੇ ਲਗਭਗ ਸਾਢੇ ਪੰਜ ਵਜੇ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਰਾਜ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬਹੁਤ ਹੀ ਹਿਰਦੇਵੇਧਕ ਤ੍ਰਾਸਦੀ ਦੱਸਿਆ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਪ੍ਰਸ਼ਾਸਨ, ਪੁਲਸ, ਫਾਇਰ ਬ੍ਰਿਗੇਡ ਤੇ ਸਵੈ-ਸੇਵਕਾਂ ਦੀ ਸ਼ਲਾਘਾ ਕਰਦਿਆਂ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਅਧਿਕਾਰਤ ਸਰੋਤਾਂ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਅਤੇ ਕੁੱਲ ਵਿੱਤੀ ਨੁਕਸਾਨ ਦਾ ਅਨੁਮਾਨ ਲਗਾਉਣਾ ਅਜੇ ਬਾਕੀ ਹੈ।

