Congress gave birth to the darkest chapter in Punjab’s history: R.P. Singh
ਕਾਂਗਰਸ ਨੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਏ ਨੂੰ ਦਿੱਤਾ ਜਨਮ: ਆਰ.ਪੀ. ਸਿੰਘ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਕਾਂਗਰਸ ਨੇਤਾ ਸੋਨੀਆ ਗਾਂਧੀ ਦੀ 544 ਪੰਨਿਆਂ ਦੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਦੇ ਰਿਲੀਜ਼ ਹੋਣ ਤੋਂ ਬਾਅਦ ਦੇਸ਼ ਦੀ ਸਿਆਸਤ ’ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸਰਦਾਰ ਆਰ. ਪੀ. ਸਿੰਘ ਨੇ ਸੋਨੀਆ ਗਾਂਧੀ ’ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੀ ਕਿਤਾਬ ਦੇ 16ਵੇਂ ਅਧਿਆਏ ’ਚ ਇਕ ਅਹਿਮ ਗੱਲ ਸਵੀਕਾਰ ਕੀਤੀ ਹੈ। ਉਹ ਲਿਖਦੇ ਹਨ : ਪੰਦਰਾਂ ਸਾਲਾਂ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੀ ਸਿਆਸਤ ’ਚ ਇਕ ਪ੍ਰਮੁੱਖ ਹਸਤੀ ਬਣ ਕੇ ਉੱਭਰੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਅੰਦਰ 2 ਵਿਰੋਧੀ ਧੜਿਆਂ ਦੇ ਨੇਤਾਵਾਂ ਨੇ ਹੱਲਾਸ਼ੇਰੀ ਦਿੱਤੀ ਸੀ ਕਿਉਂਕਿ ਦੋਵੇਂ ਹੀ ਧਿਰਾਂ ਇਕ-ਦੂਜੇ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਸਨ ਪਰ ਬਾਅਦ ’ਚ ਉਨ੍ਹਾਂ ਨੇ ਉਨ੍ਹਾਂ ਨਾਲੋਂ ਆਪਣੇ ਸਬੰਧ ਤੋੜ ਲਏ ਅਤੇ ਵੱਖ-ਵੱਖ ਸਿਆਸੀ ਮੰਗਾਂ ਨੂੰ ਲੈ ਕੇ ਲੋਕਾਂ ਨੂੰ ਇਕਜੁੱਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੱਤਾ ਦੀ ਲਾਲਸਾ ’ਚ ਖੇਡੀ ਗਈ ਇਕ ਖ਼ਤਰਨਾਕ ਸਿਆਸੀ ਖੇਡ ਸੀ, ਜਿਸ ਦੀ ਭਾਰੀ ਕੀਮਤ ਪੰਜਾਬ ਅਤੇ ਪੂਰੇ ਦੇਸ਼ ਨੂੰ ਚੁਕਾਉਣੀ ਪਈ। ਉਨ੍ਹਾਂ ਸਵਾਲ ਕੀਤਾ ਕਿ ਕੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਕਦੇ ਕਾਂਗਰਸ ਪਾਰਟੀ ਵੱਲੋਂ ਰਚੀਆਂ ਗਈਆਂ ਸਿਆਸੀ ਚਾਲਾਂ, ਰਣਨੀਤਕ ਪੈਂਤੜਿਆਂ ਅਤੇ ਸਾਜ਼ਿਸ਼ਾਂ ਲਈ ਮੁਆਫ਼ੀ ਮੰਗਣਗੇ। ਅਜਿਹੀਆਂ ਹਰਕਤਾਂ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਦਰਦਨਾਕ ਅਤੇ ਕਾਲੇ ਅਧਿਆਏ ’ਚੋਂ ਇਕ ਨੂੰ ਜਨਮ ਦੇਣ ’ਚ ਭੂਮਿਕਾ ਨਿਭਾਈ।

