Snowfall on the peaks of Kashmir and Himachal; temperatures drop due to rain in the plains
ਕਸ਼ਮੀਰ ਤੇ ਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ ਕਾਰਨ ਡਿੱਗਾ ਪਾਰਾ
ਸ਼੍ਰੀਨਗਰ/ਸ਼ਿਮਲਾ (ਆਵਾਜ਼ਿ ਕੌਮ ਬਿਊਰੋ)-ਕਸ਼ਮੀਰ ਅਤੇ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਹੈ। ਇਸ ਕਾਰਨ ਦਿਨ ਦੇ ਤਾਪਮਾਨ ’ਚ ਕਈ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗੁਲਮਰਗ ਅਤੇ ਸੋਨਮਰਗ ਸਮੇਤ ਕਈ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ’ਤੇ ਪੂਰੀ ਰਾਤ ਬਰਫਬਾਰੀ ਹੋਈ, ਜਦਕਿ ਸ਼੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਨੇ ਠੰਡ ਵਧਾ ਦਿੱਤੀ ਹੈ। ਉਥੇ ਹੀ ਕਿੰਨੌਰ, ਲਾਹੌਲ-ਸਪਿਤੀ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਕਾਰਨ ਠੰਡ ਵਧ ਗਈ ਹੈ, ਜਦਕਿ ਸ਼ਿਮਲਾ ਅਤੇ ਮਨਾਲੀ ਸਮੇਤ ਹੇਠਲੇ ਇਲਾਕਿਆਂ ’ਚ ਪੂਰਾ ਦਿਨ ਬੱਦਲ ਛਾਏ ਰਹੇ। ਅਧਿਕਾਰੀਆਂ ਅਨੁਸਾਰ, ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਗੁਰੇਜ਼, ਕੁਪਵਾੜਾ ਦੇ ਉੱਚੇ ਇਲਾਕਿਆਂ, ਜੋਜਿਲਾ ਦੱਰੇ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਮੁਗਲ ਰੋਡ ’ਤੇ ਵੀ ਬਰਫਬਾਰੀ ਹੋਈ ਹੈ। ਜੋਜਿਲਾ ਦੱਰੇ ’ਤੇ ਬਰਫ ਜਮ੍ਹਾ ਹੋਣ ਕਾਰਨ ਸ਼੍ਰੀਨਗਰ-ਲੇਹ ਕੌਮੀ ਮਾਰਗ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। 13 ਨਵੰਬਰ ਨੂੰ ਸ਼ਿਮਲਾ, ਕਾਂਗੜਾ, ਕੁੱਲੂ ਅਤੇ ਮੰਡੀ ਅਤੇ 14 ਨਵੰਬਰ ਨੂੰ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ’ਚ ਖ਼ਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ। 15 ਨਵੰਬਰ ਨੂੰ ਮੌਸਮ ਹਲਕਾ ਖ਼ਰਾਬ ਰਹਿਣ ਤੋਂ ਬਾਅਦ 16 ਤੋਂ 18 ਨਵੰਬਰ ਤੱਕ ਪੂਰੇ ਸੂਬੇ ’ਚ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ। ਮੀਂਹ ਕਾਰਨ ਉੱਤਰੀ ਕਸ਼ਮੀਰ ’ਚ ਰਾਜਨਵਾਨੀ ਨੇੜੇ ਉੜੀ-ਬਾਰਾਮੂਲਾ ਕੌਮੀ ਮਾਰਗ ’ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਨਾਲ ਸੜਕ ’ਤੇ ਮਲਬਾ ਅਤੇ ਵੱਡੇ-ਵੱਡੇ ਪੱਥਰ ਇਕੱਠੇ ਹੋ ਗਏ ਅਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਇਸ ਕਾਰਨ ਕਈ ਯਾਤਰੀ ਰਸਤੇ ’ਚ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

