Moga Double Murder: Three Accused Surrender; Court Sends Them to 4-Day Police Remand
ਮੋਗਾ ਡਬਲ ਮਰਡਰ: ਤਿੰਨ ਮੁਲਜ਼ਮਾਂ ਨੇ ਕੀਤਾ ਸਰੰਡਰ, ਅਦਾਲਤ ਨੇ 4 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਿਆ
ਮੋਗਾ (ਆਵਾਜ਼ਿ ਕੌਮ ਬਿਊਰੋ)-ਮੋਗਾ ਦੇ ਬਹੁਚਰਚਿਤ ਅੰਗਤਪੁਰਾ ਫਾਇਰਿੰਗ ਅਤੇ ਡਬਲ ਕਤਲ ਮਾਮਲੇ ਵਿਚ ਅੱਜ ਤਿੰਨ ਮੁਲਜ਼ਮਾਂ ਨੇ ਮੋਗਾ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ। ਸੀ.ਜੇ.ਐੱਮ. ਮਮਤਾ ਕੱਕੜ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 4 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਵਕੀਲ ਵੱਲੋਂ ਦਾਇਰ ਅਰਜ਼ੀ ਨੂੰ ਵੀ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਅਦਾਲਤ ਨੇ ਹੁਕਮ ਦਿੱਤੇ ਹਨ ਕਿ ਮੁਲਜ਼ਮਾਂ ਨੂੰ ਕਿਤੇ ਵੀ ਲਿਜਾਣ ਸਮੇਂ ਲਾਜ਼ਮੀ ਤੌਰ ‘ਤੇ ਵੀਡੀਓਗ੍ਰਾਫੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬੇੜੀਆਂ ਨਾ ਲਗਾਈਆਂ ਜਾਣ। ਜ਼ਿਕਰਯੋਗ ਹੈ ਕਿ ਬੀਤੀ 25 ਅਕਤੂਬਰ ਦੀ ਦੇਰ ਸ਼ਾਮ ਮੋਗਾ ਦੇ ਅੰਗਤਪੁਰਾ ਇਲਾਕੇ ਵਿਚ ਦੁਕਾਨ ਦੇ ਬਾਹਰ ਥੜ੍ਹੇ ‘ਤੇ ਬੈਠੇ 4 ਤੋਂ 5 ਵਿਅਕਤੀਆਂ ‘ਤੇ ਕਾਲੇ ਰੰਗ ਦੀ ਸਕਾਰਪੀਓ ਵਿਚ ਸਵਾਰ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਗੋਲੀਬਾਰੀ ਵਿੱਚ ਗਗਨ ਅਤੇ ਸਾਹਿਲ ਨਾਮ ਦੇ ਦੋ ਨੌਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿਚ ਮੋਗਾ ਪੁਲਸ ਵੱਲੋਂ ਹੁਣ ਤੱਕ ਕਰੀਬ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅੱਜ ਅਦਾਲਤੀ ਕੰਪਲੈਕਸ ਵਿੱਚ ਤਿੰਨ ਮੁਲਜ਼ਮਾਂ ਅਰੁਣ ਕੁਮਾਰ ਵਾਸੀ ਮੋਗਾ, ਹਰਦੀਪ ਸਿੰਘ ਅਤੇ ਸ਼ਨਾਮਪ੍ਰੀਤ ਸਿੰਘ ਉਰਫ਼ ਰਾਜੂ ਸਮਾਲਸਰ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ। ਇਸ ਤੋਂ ਬਾਅਦ ਮੋਗਾ ਪੁਲਿਸ ਨੇ ਤਿੰਨਾਂ ਨੂੰ ਸੀਜੇਐੱਮ ਮਮਤਾ ਕੱਕੜ ਦੀ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਚਾਰ ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ।

