Threat looms over Britain! US Air Force takes action after drones spotted at airbase
ਬ੍ਰਿਟੇਨ ‘ਤੇ ਮੰਡਰਾ ਰਿਹਾ ਖ਼ਤਰਾ ! ਏਅਰਬੇਸ ‘ਤੇ ਡਰੋਨ ਦਿਖਣ ਮਗਰੋਂ ਅਮਰੀਕੀ Air Force ਨੇ ਕੀਤੀ ਕਾਰਵਾਈ
London, (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ‘ਚ ਇੱਕ ਅਮਰੀਕੀ ਆਰਮੀ ਏਅਰਬੇਸ ‘ਤੇ ਸ਼ੱਕੀ ਡਰੋਨ ਗਤੀਵਿਧੀ ਦੇਖੀ ਗਈ ਹੈ, ਜਿਸ ਮਗਰੋਂ ਸੁਰੱਖਿਆ ਬਲਾਂ ਨੂੰ ਭਾਜੜਾਂ ਪੈ ਗਈਆਂ ਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਅਮਰੀਕਾ ਅਤੇ ਬ੍ਰਿਟੇਨ ਦੇ ਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਘਟਨਾ ‘ਚ ਕਿਸੇ ਵੀ ਕਰਮਚਾਰੀ, ਜਹਾਜ਼ ਜਾਂ ਏਅਰਬੇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਯੂਰਪ ‘ਚ ਅਮਰੀਕੀ ਏਅਰ ਫ਼ੋਰਸ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਪੂਰਬੀ ਇੰਗਲੈਂਡ ਸਥਿਤ ਰਾਇਲ ਏਅਰ ਫੋਰਸ ਦੇ ਲੇਕਨਹੀਥ ਆਰਮੀ ਬੇਸ ‘ਤੇ ਇਕ ਅਣਪਛਾਤੇ ਡਰੋਨ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਕਰਮਚਾਰੀਆਂ ਨੇ ਕਾਰਵਾਈ ਕੀਤੀ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਅਤੇ ਅਮਰੀਕੀ ਅਧਿਕਾਰੀਆਂ ਨਾਲ ਮਿਲ ਕੇ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ‘ਚ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰਨ ਵਾਲੇ ਬ੍ਰਿਟੇਨ ਸਥਿਤ ਅਮਰੀਕੀ ਫ਼ੌਜੀ ਅੱਡਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਸੁਰੱਖਿਆ ਖ਼ਤਰੇ ਦੇ ਮੱਦੇਨਜ਼ਰ ਪੂਰਬੀ ਇੰਗਲੈਂਡ ਦੇ RAF ਮਿਲਡੇਨਹਾਲ ਅੱਡੇ ਤੋਂ 12 ਤੋਂ ਵੱਧ ਜਹਾਜ਼ ਹਟਾ ਲਏ ਸਨ ਅਤੇ ਉੱਥੇ ਸੁਰੱਖਿਆ ਚੌਕਸੀ ਦਾ ਪੱਧਰ ਵਧਾ ਕੇ ਦੂਜੇ ਸਭ ਤੋਂ ਉੱਚੇ ਲੈਵਲ ‘ਐੱਫ.ਪੀ.ਕੌਨ ਚਾਰਲੀ’ ‘ਤੇ ਕਰ ਦਿੱਤਾ ਸੀ, ਜਦਕਿ ਇਸ ਤੋਂ ਕੁਝ ਹਫ਼ਤੇ ਪਹਿਲਾਂ ਮਿਲਡੇਨਹਾਲ ਅਤੇ ਲੇਕਨਹੀਥ ਤੋਂ ਲਗਭਗ 240 ਕਿਲੋਮੀਟਰ ਪੱਛਮ ‘ਚ ਸਥਿਤ RAF ਫੇਅਰਫੋਰਡ ਫ਼ੌਜੀ ਅੱਡੇ ਵੱਲ 3 ਸ਼ੱਕੀ ਵੈਨਾਂ ਜਾਂਦੀਆਂ ਦੇਖੇ ਜਾਣ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਲਗਾਤਾਰ ਚੱਲ ਰਹੇ ਸਿਲਸਿਲੇ ਕਾਰਨ ਜਾਪਦਾ ਹੈ ਕਿ ਬ੍ਰਿਟੇਨ ਸਥਿਤ ਅਮਰੀਕੀ ਆਰਮੀ ਬੇਸ ਫਿਲਹਾਲ ਕਿਸੇ ਵੱਡੇ ਖਤਰੇ ਹੇਠ ਹੈ।

