A moving vehicle caught fire on the Zirakpur flyover; the driver saved his life by jumping out
ਜ਼ੀਰਕਪੁਰ ਫਲਾਈਓਵਰ ’ਤੇ ਚੱਲਦੀ ਗੱਡੀ ਨੂੰ ਲੱਗੀ ਭਿਆਨਕ ਅੱਗ, ਛਾਲ ਮਾਰ ਕੇ ਡਰਾਈਵਰ ਨੇ ਬਚਾਈ ਜਾਨ
ਜ਼ੀਰਕਪੁਰ (ਆਵਾਜ਼ਿ ਕੌਮ ਬਿਊਰੋ)-ਜ਼ੀਰਕਪੁਰ ਫਲਾਈਓਵਰ ’ਤੇ ਸ਼ਨੀਵਾਰ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਡੇਰਾਬਸੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਇਕ ਛੋਟਾ ਹਾਥੀ ਗੱਡੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ’ਚ ਪੂਰੀ ਗੱਡੀ ਸੜ ਕੇ ਸੁਆਹ ਹੋ ਗਈ। ਗਨੀਮਤ ਰਹੀ ਕਿ ਡਰਾਈਵਰ ਨੇ ਸਮੇਂ ਸਿਰ ਗੱਡੀ ’ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਗੱਡੀ ਦੇ ਮਾਲਕ ਤੇ ਡਰਾਈਵਰ ਬੌਬੀ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 3:15 ਤੋਂ 3:20 ਵਜੇ ਦਰਮਿਆਨ ਡੇਰਾਬਸੀ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਉਸ ਸਮੇਂ ਗੱਡੀ ਬਿਲਕੁਲ ਖਾਲੀ ਸੀ ਅਤੇ ਉਸ ਵਿੱਚ ਕੋਈ ਸਾਮਾਨ ਨਹੀਂ ਲੱਦਿਆ ਹੋਇਆ ਸੀ। ਕਿਲੋਮੀਟਰ ਪੁਲ ਤੋਂ ਅੱਗੇ ਲੰਘਣ ਮਗਰੋਂ ਅਚਾਨਕ ਗੱਡੀ ਦੇ ਡੈਸ਼ਬੋਰਡ ਉੱਤੇ ਯੂਰੀਆ ਪ੍ਰਣਾਲੀ ਨਾਲ ਸਬੰਧਿਤ ਚੇਤਾਵਨੀ ਵਾਲੀ ਬੱਤੀ ਜਗ ਪਈ। ਬੌਬੀ ਅਨੁਸਾਰ ਇਸ ਤੋਂ ਬਾਅਦ ਉਹ ਕਰੀਬ 400 ਮੀਟਰ ਅੱਗੇ ਪਹੁੰਚਿਆ ਤੇ ਗੱਡੀ ਨੂੰ ਸੜਕ ਕਿਨਾਰੇ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਗੱਡੀ ਦੇ ਪਿਛਲੇ ਹਿੱਸੇ ’ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਖ਼ਤਰੇ ਨੂੰ ਭਾਂਪਦਿਆਂ ਉਸ ਨੇ ਤੁਰੰਤ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਫਲਾਈਓਵਰ ਉੱਤੇ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ, ਪਰ ਗੱਡੀ ਪੂਰੀ ਤਰ੍ਹਾਂ ਸੜ ਜਾਣ ਕਾਰਨ ਮਾਲਕ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ।

