Major incident in Jalandhar! A massive fire broke out due to firecrackers during the Chhath Puja fair, causing a stampede-like panic
ਜਲੰਧਰ ‘ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਫਿਲੌਰ ‘ਚ ਸਤਲੁਜ ਦਰਿਆ ਨੇੜੇ ਪਟਾਕਿਆਂ ਕਾਰਨ ਭਿਆਨਕ ਅੱਗ ਲੱਗ ਗਈ। ਗੁੱਜਰ ਭਾਈਚਾਰੇ ਨਾਲ ਸਬੰਧਤ ਪਰਾਲੀ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਵਧਦੀ ਗਈ। ਮਿਲੀ ਜਾਣਕਾਰੀ ਮੁਤਾਬਕ ਛੱਠ ਪੂਜਾ ਦੌਰਾਨ ਚਲਾਈ ਗਈ ਆਤਿਸ਼ਬਾਜ਼ੀ ਦੀ ਚੰਗਿਆੜੀ ਕਾਰਨ ਅੱਗ ਲੱਗੀ। ਇਸ ਹਾਦਸੇ ਵਿਚ ਗੁੱਜਰਾਂ ਦੀ ਵੱਡੀ ਮਾਤਰਾ ‘ਚ ਪਰਾਲੀ ਸੜ ਕੇ ਸੁਆਹ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕਾਂਗਰਸ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਮੌਕੇ ‘ਤੇ ਪਹੁੰਚੇ। ਉਥੇ ਹੀ ਘਟਨਾ ਦੌਰਾਨ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਘਟਨਾ ਬਾਰੇ ਸੂਚਿਤ ਕੀਤਾ। ਫਾਇਰ ਬ੍ਰਿਗੇਡ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ‘ਚ ਕਾਮਯਾਬ ਹੋ ਗਈ। ਇਸ ਘਟਨਾ ਦੌਰਾਨ ਲੋਕਾਂ ‘ਤੇ ਫਾਇਰ ਬ੍ਰਿਗੇਡ ਵਿਰੁੱਧ ਗੁੱਸਾ ਜ਼ਾਹਰ ਕਰਨ ਅਤੇ ਝਗੜਾ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਟੀਮ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਜਦੋਂ ਟੀਮ ਵਾਪਸ ਜਾਣ ਲੱਗੀ ਤਾਂ ਹੋਰ ਲੋਕਾਂ ਨੇ ਮਾਮਲੇ ਨੂੰ ਸ਼ਾਂਤ ਕੀਤਾ। ਘਟਨਾ ਦੌਰਾਨ ਹਫ਼ੜਾ-ਦਫ਼ੜੀ ਦਾ ਮਾਹੌਲ ਬਣਿਆ ਰਿਹਾ। ਕਾਫ਼ੀ ਦੇਰੀ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਦੀਆਂ ਲਪਟਾਂ ਦੂਰ-ਦੂਰ ਤੋਂ ਵਿਖਾਈ ਦੇ ਰਹੀਆਂ ਸਨ। ਅੱਗ ਨੇ ਗੁੱਜਰ ਭਾਈਚਾਰੇ ਵੱਲੋਂ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ 1.5 ਤੋਂ 2 ਲੱਖ ਰੁਪਏ ਦੀ ਪਰਾਲੀ ਨੂੰ ਸਾੜ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਮੁਹੰਮਦ ਸਦੀਕ ਨੇ ਦੱਸਿਆ ਕਿ ਮੇਲੇ ਦੌਰਾਨ ਉਸ ਨੇ ਝੌਂਪੜੀਆਂ ਨੇੜੇ ਸ਼ਰਧਾਲੂਆਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕਰਦੇ ਹੋਏ ਵਾਰ-ਵਾਰ ਐਲਾਨ ਕੀਤੇ ਸਨ। ਇਸ ਦੇ ਬਾਵਜੂਦ ਕੁਝ ਲੋਕ ਪਟਾਕੇ ਚਲਾਉਂਦੇ ਰਹੇ। ਘਟਨਾ ਸਮੇਂ ਉਹ ਘਰ ‘ਚ ਸੀ। ਜਦੋਂ ਉਸ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਅਤੇ ਉਹ ਮੌਕੇ ‘ਤੇ ਪਹੁੰਚੇ ਤਾਂ ਅੱਗ ਪਹਿਲਾਂ ਹੀ ਫੈਲ ਚੁੱਕੀ ਸੀ। ਉਸ ਨੇ ਕਿਹਾ ਕਿ ਹਾਦਸੇ ‘ਚ ਉਸ ਦੀਆਂ ਚਾਰ ਝੌਂਪੜੀਆਂ ਪੂਰੀ ਤਰ੍ਹਾਂ ਸੜ ਗਈਆਂ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ। ਮੁਹੰਮਦ ਸਦੀਕ ਨੇ ਪ੍ਰਸ਼ਾਸਨ ਤੋਂ ਢੁੱਕਵਾਂ ਮੁਆਵਜ਼ਾ ਅਤੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਛੱਠ ਪੂਜਾ ਮੇਲੇ ਦੇ ਆਯੋਜਨ ਲਈ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਜੋ ਸਮਾਗਮ ਦੇ ਸੁਚੱਜੇ ਸੰਚਾਲਨ ਨੂੰ ਯਕੀਨੀ ਬਣਾਏ। ਮੇਲੇ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਝੌਂਪੜੀਆਂ ਦੇ ਆਲੇ-ਦੁਆਲੇ ਪਟਾਕਿਆਂ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਧਾਲੂ ਸੁਰੱਖਿਅਤ ਮਾਹੌਲ ਵਿੱਚ ਤਿਉਹਾਰ ਮਨਾ ਸਕਣ। ਇਸ ਦੌਰਾਨ ਫਾਇਰ ਫਾਈਟਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਮੌਕੇ ‘ਤੇ ਹੱਥੋਪਾਈ ਕੀਤੀ ਗਈ ਅਤੇ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ ਅਤੇ ਕਾਰਵਾਈ ਦੀ ਮੰਗ ਕਰਨਗੇ।

