Child sets fire to expensive vehicles; incident captured on CCTV—the vehicles had been purchased just 6 months ago
ਲੱਖਾਂ ਦੀਆਂ ਗੱਡੀਆਂ ਨੂੰ ਬੱਚੇ ਨੇ ਲਾਈ ਅੱਗ, CCTV ‘ਚ ਕੈਦ ਵਾਰਦਾਤ, 6 ਮਹੀਨੇ ਪਹਿਲਾਂ ਹੀ ਖ਼ਰੀਦੀ ਸੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਇੱਥੇ ਸੈਕਟਰ-25 ਦੀ ਪਾਰਕਿੰਗ ’ਚ ਐਤਵਾਰ ਦੁਪਹਿਰ ਖੜ੍ਹੀਆਂ 18 ਲੱਖ ਦੀਆਂ ਦੋ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਸਭ ਤੋਂ ਪਹਿਲਾਂ ਸਕੋਡਾ ਕਾਰ ’ਚ ਲੱਗੀ ਅਤੇ ਕੁੱਝ ਹੀ ਸਮੇਂ ’ਚ ਕੋਲ ਖੜ੍ਹੀ ਹੁੰਡਈ ਗੱਡੀ ਵੀ ਇਸ ਦੀ ਲਪੇਟ ’ਚ ਆ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਰੇਤ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲਪਟਾਂ ਤੇਜ਼ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਸਕੋਡਾ ਦਾ ਇੰਜਣ ਪੂਰੀ ਤਰ੍ਹਾਂ ਸੜ ਗਿਆ। ਪੁਲਸ ਵੱਲੋਂ ਪਾਰਕਿੰਗ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਇਕ ਬੱਚਾ ਹੱਥ ’ਚ ਲਾਠੀ ਫੜ੍ਹ ਕੇ ਉੱਥੇ ਆਉਂਦਾ ਦਿਖਾਈ ਦਿੱਤਾ। ਫੁਟੇਜ ਮੁਤਾਬਕ ਉਹ ਕੁੱਝ ਸਮਾਂ ਪਾਰਕਿੰਗ ’ਚ ਘੁੰਮਦਾ ਰਿਹਾ ਅਤੇ ਫਿਰ ਸਕੋਡਾ ਕੋਲ ਪਹੁੰਚ ਗਿਆ। ਉਸ ਨੇ ਕਾਰ ਦੇ ਹੇਠਾਂ ਪਏ ਕਾਗਜ਼ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਉਹ ਉੱਥੋਂ ਭੱਜ ਗਿਆ। ਕੁੱਝ ਦੇਰ ਬਾਅਦ ਕਾਰ ਦੇ ਹੇਠਾਂ ਅੱਗ ਫੈਲਣ ਲੱਗੀ ਅਤੇ ਧੂੰਆਂ ਉੱਠਣ ਤੋਂ ਬਾਅਦ ਲਪਟਾਂ ਨੇ ਕਾਰ ਦੇ ਅਗਲੇ ਹਿੱਸੇ ਨੂੰ ਲਪੇਟ ’ਚ ਲੈ ਲਿਆ। ਫਿਰ ਅੱਗ ਕੋਲ ਖੜ੍ਹੀ ਹੁੰਡਈ ਤੱਕ ਵੀ ਪਹੁੰਚ ਗਈ। ਸੈਕਟਰ-11 ਥਾਣਾ ਪੁਲਸ ਬੱਚੇ ਦੀ ਪਛਾਣ ਤੇ ਭਾਲ ’ਚ ਜੁੱਟੀ ਹੋਈ ਹੈ। ਸਕੋਡਾ ਦੀ ਮਾਲਕਣ ਸੁਨੀਤਾ ਨੇ ਦੱਸਿਆ ਕਿ ਉਸ ਨੇ ਕਰੀਬ 6 ਮਹੀਨੇ ਪਹਿਲਾਂ ਹੀ ਗੱਡੀ ਖਰੀਦੀ ਸੀ। ਸ਼ਨੀਵਾਰ ਸ਼ਾਮ ਨੂੰ ਉਸ ਨੇ ਕਾਰ ਘਰ ਨੇੜੇ ਪਾਰਕਿੰਗ ’ਚ ਖੜ੍ਹੀ ਕੀਤੀ ਸੀ। ਐਤਵਾਰ ਸਵੇਰੇ ਜਦੋਂ ਉਹ ਪਾਰਕਿੰਗ ’ਚ ਗਈ ਤਾਂ ਕਾਰ ਬਿਲਕੁਲ ਠੀਕ ਸੀ ਪਰ ਕੁੱਝ ਸਮੇਂ ਬਾਅਦ ਉਸ ਨੂੰ ਗੱਡੀ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਸੁਨੀਤਾ ਨੇ ਖ਼ਦਸ਼ਾ ਪ੍ਰਗਟਾਇਆ ਕਿ ਕਿਸੇ ਨੇ ਜਾਣ-ਬੁੱਝ ਕੇ ਕਾਰ ਦੇ ਕੋਲ ਪਏ ਕੂੜੇ ਨੂੰ ਅੱਗ ਲਾਈ ਹੋਵੇਗੀ, ਜਿਸ ਕਾਰਨ ਲਪਟਾਂ ਗੱਡੀ ਤੱਕ ਪਹੁੰਚ ਗਈਆਂ ਅਤੇ ਨਾਲ ਖੜ੍ਹੀ ਦੂਜੀ ਕਾਰ ਵੀ ਸੜ ਗਈ। ਹੁੰਡਈ ਕਾਰ ਦੇ ਮਾਲਕ ਉਤਸਵ ਨੇ ਦੱਸਿਆ ਕਿ ਉਸ ਨੇ ਵੀ ਹਾਲ ਹੀ ’ਚ ਇਹ ਗੱਡੀ ਖਰੀਦੀ ਸੀ। ਨਾਮ ਟਰਾਂਸਫਰ ਕਰਵਾਉਣ ਲਈ ਉਸ ਨੇ ਗੱਡੀ ਦੇ ਦਸਤਾਵੇਜ਼ ਰਜਿਸਟ੍ਰੇਸ਼ਨ ਅਥਾਰਟੀ ’ਚ ਜਮ੍ਹਾਂ ਕਰਵਾਏ ਹੋਏ ਹਨ ਪਰ ਅਜੇ ਤੱਕ ਟਰਾਂਸਫਰ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ। ਇਸ ਸਮੇਂ ਗੱਡੀ ਪੁਰਾਣੇ ਮਾਲਕ ਦੇ ਨਾਮ ’ਤੇ ਹੀ ਰਜਿਸਟਰਡ ਹੈ। ਪੁਲਸ ਹੁਣ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਬੱਚੇ ਦੀ ਪਛਾਣ ਕਰਨ ਦੇ ਨਾਲ ਇਹ ਵੀ ਪਤਾ ਲਗਾ ਰਹੀ ਹੈ ਕਿ ਉਸ ਨੇ ਕਾਰ ਦੇ ਹੇਠਾਂ ਪਏ ਕਾਗਜ਼ਾਂ ਨੂੰ ਅੱਗ ਕਿਉਂ ਲਗਾਈ।

