Aviation crisis continues in the US: 10,000 flights affected for the third consecutive day; chaos erupts at airports
ਅਮਰੀਕਾ ‘ਚ ਹਵਾਈ ਸੰਕਟ ਹਾਲੇ ਵੀ ਜਾਰੀ: ਤੀਜੇ ਦਿਨ 10,000 ਉਡਾਣਾਂ ਪ੍ਰਭਾਵਿਤ, ਏਅਰਪੋਰਟਾਂ ‘ਤੇ ਮਚੀ ਹਾਹਾਕਾਰ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਵਿੱਚ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਵਿੱਚ ਖਰਾਬੀ ਕਾਰਨ ਪੈਦਾ ਹੋਇਆ ਹਵਾਈ ਸੰਕਟ ਤੀਜੇ ਦਿਨ ਵੀ ਜਾਰੀ ਰਿਹਾ। ਐਤਵਾਰ ਨੂੰ ਦੇਸ਼ ਭਰ ਵਿੱਚ 10,000 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਐਵੀਏਸ਼ਨ ਡਾਟਾ ਟਰੈਕਰ ‘ਫਲਾਈਟ-ਅਵੇਅਰ’ (FlightAware) ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਪੂਰੇ ਦੇਸ਼ ਵਿੱਚ 2,300 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ, ਜਦੋਂ ਕਿ 7,700 ਉਡਾਣਾਂ ਵਿੱਚ ਦੇਰੀ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ 6,400 ਤੋਂ ਵੱਧ ਉਡਾਣਾਂ ਰੱਦ ਹੋਈਆਂ ਸਨ ਅਤੇ 8,000 ਤੋਂ ਵੱਧ ਉਡਾਣਾਂ ਲੇਟ ਹੋਈਆਂ ਸਨ। ਸ਼ੁੱਕਰਵਾਰ ਨੂੰ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਪੁਰਾਣੇ ਹਾਰਡਵੇਅਰ ਅਤੇ ਰਾਊਟਰ ਦੇ ਫੇਲ੍ਹ ਹੋਣ ਕਾਰਨ ਦੇਸ਼ ਵਿਆਪੀ ‘ਗਰਾਊਂਡ ਸਟਾਪ’ (Ground Stop) ਲਗਾਇਆ ਗਿਆ ਸੀ। ਇਸ ਖਰਾਬੀ ਕਾਰਨ ਲਗਭਗ 5 ਘੰਟਿਆਂ ਤੱਕ ਅਮਰੀਕਾ ਦੀਆਂ ਲਗਭਗ ਸਾਰੀਆਂ ਉਡਾਣਾਂ ਪੂਰੀ ਤਰ੍ਹਾਂ ਠੱਪ ਰਹੀਆਂ। 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਹਵਾਈ ਯਾਤਰਾ ਠੱਪ ਹੋਣ ਦੀ ਇਹ ਸਭ ਤੋਂ ਵੱਡੀ ਘਟਨਾ ਮੰਨੀ ਜਾ ਰਹੀ ਹੈ। ਐਤਵਾਰ ਨੂੰ ‘ਜੈੱਟਬਲੂ’ (JetBlue) ਏਅਰਲਾਈਨਜ਼ ਸਭ ਤੋਂ ਵੱਧ ਪ੍ਰਭਾਵਿਤ ਰਹੀ, ਜਿਸ ਨੇ ਆਪਣੀਆਂ 28% ਉਡਾਣਾਂ ਰੱਦ ਕਰ ਦਿੱਤੀਆਂ। ਇਸ ਤੋਂ ਇਲਾਵਾ ‘ਅਮੈਰੀਕਨ ਏਅਰਲਾਈਨਜ਼’ ਦੀਆਂ 17% ਉਡਾਣਾਂ ਰੱਦ ਰਹੀਆਂ, ਜਦੋਂ ਕਿ ‘ਯੂਨਾਈਟਿਡ ਏਅਰਲਾਈਨਜ਼’, ‘ਸਾਊਥਵੈਸਟ’ ਅਤੇ ‘ਡੇਲਟਾ’ ਦੀਆਂ 3% ਤੋਂ 5% ਉਡਾਣਾਂ ਰੱਦ ਹੋਈਆਂ। ਅਮਰੀਕੀ ਟਰਾਂਸਪੋਰਟ ਸਕੱਤਰ ਸ਼ਾਨ ਡਫੀ ਨੇ ਕਿਸੇ ਵੀ ਸਾਈਬਰ ਹਮਲੇ ਦੀ ਸ਼ੰਕਾ ਨੂੰ ਸਾਫ਼ ਖਾਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਤੱਕ ਹਵਾਈ ਸੇਵਾਵਾਂ ਆਮ ਵਾਂਗ ਹੋਣ ਦੀ ਉਮੀਦ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੁੱਦੇ ‘ਤੇ ਚੁੱਪੀ ਤੋੜਦਿਆਂ ਕਿਹਾ ਕਿ ਅਮਰੀਕਾ ਦਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਲਗਭਗ 50 ਸਾਲ ਪੁਰਾਣਾ ਹੈ, ਜਿਸ ਨੂੰ ਤੁਰੰਤ ਅਪਗ੍ਰੇਡ ਕਰਨ ਦੀ ਲੋੜ ਹੈ। ਟਰੰਪ ਨੇ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਨਵੇਂ ਅਤੇ ਆਧੁਨਿਕ ਸਿਸਟਮ ਲਈ ਜ਼ਰੂਰੀ ਫੰਡਾਂ ਨੂੰ ਜਲਦ ਮਨਜ਼ੂਰੀ ਦੇਵੇ।

