Violence erupts in Bangladesh over demand for Sheikh Hasina’s return: Police vehicle torched, BNP offices set on fire
ਸ਼ੇਖ ਹਸੀਨਾ ਦੀ ਵਾਪਸੀ ਦੀ ਮੰਗ ‘ਤੇ ਬੰਗਲਾਦੇਸ਼ ‘ਚ ਭੜਕੀ ਹਿੰਸਾ: ਪੁਲਸ ਦੀ ਗੱਡੀ ਫੂਕੀ, BNP ਦਫ਼ਤਰਾਂ ਨੂੰ ਲਾਈ ਅੱਗ
ਢਾਕਾ (ਆਵਾਜ਼ਿ ਕੌਮ ਬਿਊਰੋ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਗੋਪਾਲਗੰਜ ਵਿੱਚ ਭਾਰੀ ਹਿੰਸਕ ਪ੍ਰਦਰਸ਼ਨ ਕੀਤਾ ਗਿਆ। ਅਵਾਮੀ ਲੀਗ ਦੇ ਸੈਂਕੜੇ ਵਰਕਰਾਂ ਨੇ ਸੜਕਾਂ ‘ਤੇ ਉਤਰ ਕੇ ਜ਼ਬਰਦਸਤ ਹੰਗਾਮਾ ਕੀਤਾ। ਪੁਲਸ ਦੀ ਬਖ਼ਤਰਬੰਦ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਇਕ ਪੁਲਸ ਚੌਕੀ ਵਿੱਚ ਵੀ ਭੰਨਤੋੜ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਲਾਠੀਆਂ, ਤਿੱਖੇ ਹਥਿਆਰ ਅਤੇ ਸਥਾਨਕ ਹਥਿਆਰ ਲੈ ਕੇ ਸੜਕਾਂ ‘ਤੇ ਪਹੁੰਚੇ ਸਨ। ਇਸ ਪ੍ਰਦਰਸ਼ਨ ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲਸ ਬੈਰੀਕੇਡ ਤੋੜ ਕੇ ਰਸਤੇ ਜਾਮ ਕਰ ਦਿੱਤੇ ਅਤੇ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਦੀ ਯਾਦ ਵਿੱਚ ਬਣਾਏ ਗਏ ਇੱਕ ਸਮਾਰਕ ਨੂੰ ਵੀ ਢਾਹ ਦਿੱਤਾ। ਅਵਾਮੀ ਲੀਗ ਦੇ ਗੋਪਾਲਗੰਜ ਜ਼ਿਲ੍ਹਾ ਆਗੂ ਇਲੀਆਸ ਹੱਕ ਨੇ ਰੈਲੀ ਦੌਰਾਨ ਐਲਾਨ ਕੀਤਾ ਕਿ ਸ਼ੇਖ ਹਸੀਨਾ ਨੂੰ ਦੇਸ਼ ਵਾਪਸ ਲਿਆਉਣ ਤੱਕ ਉਨ੍ਹਾਂ ਦਾ ਅੰਦੋਲਨ ਨਿਰੰਤਰ ਜਾਰੀ ਰਹੇਗਾ। ਗੋਪਾਲਗੰਜ ਵਿੱਚ ਹਿੰਸਾ ਤੋਂ ਪਹਿਲਾਂ ਐਤਵਾਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਸ਼ੇਖ ਹਸੀਨਾ ਦੇ ਜਨਮ ਸਥਾਨ ਤੁੰਗੀਪਾਰਾ ਵਿੱਚ ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਦੋ ਦਫ਼ਤਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ, ਜਿਸ ਨਾਲ ਇਲਾਕੇ ਵਿੱਚ ਤਣਾਅ ਹੋਰ ਵਧ ਗਿਆ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਗੋਪਾਲਗੰਜ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਅਤੇ ਪੁਲਸ ਸੁਪਰਡੈਂਟ (ਐੱਸ.ਪੀ.) ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਬੋਰਡਰ ਗਾਰਡ ਬੰਗਲਾਦੇਸ਼ (BGB) ਦੀਆਂ ਵਾਧੂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਬੈਠਕ ਵਿੱਚ ਵੀ ਗੋਪਾਲਗੰਜ ਦੇ ਹਾਲਾਤ ‘ਤੇ ਚਰਚਾ ਕੀਤੀ ਗਈ ਅਤੇ ਗ੍ਰਹਿ ਮੰਤਰਾਲਾ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਇਹ ਹਿੰਸਕ ਪ੍ਰਦਰਸ਼ਨ ਅਜਿਹੇ ਸਮੇਂ ਹੋਏ ਹਨ ਜਦੋਂ ਸ਼ੇਖ ਹਸੀਨਾ ਨੇ ਦਸੰਬਰ ਵਿੱਚ ਬੰਗਲਾਦੇਸ਼ ਪਰਤਣ ਦੀ ਇੱਛਾ ਜਤਾਈ ਹੈ। ਉਹ ਅਗਸਤ 2024 ਵਿੱਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਤੋਂ ਭਾਰਤ ਵਿੱਚ ਰਹਿ ਰਹੇ ਹਨ। ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਨਵੰਬਰ 2025 ਵਿੱਚ ਉਨ੍ਹਾਂ ਨੂੰ ਗੈਰ-ਹਾਜ਼ਰੀ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਹਸੀਨਾ ਨੇ ਰੱਦ ਕਰ ਦਿੱਤਾ ਸੀ। ਬੰਗਲਾਦੇਸ਼ ਦੇ ਕਾਨੂੰਨ ਮੰਤਰੀ ਐੱਮ.ਡੀ. ਅਸਦੁੱਜ਼ਮਾਨ ਅਨੁਸਾਰ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਹੁਣ ਫ਼ੈਸਲਾ ਭਾਰਤ ਨੇ ਕਰਨਾ ਹੈ। ਦੂਜੇ ਪਾਸੇ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਹਵਾਲਗੀ ਦੀ ਬੇਨਤੀ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਇੱਕ ਕਾਨੂੰਨੀ ਮਾਮਲਾ ਹੈ ਅਤੇ ਇਸ ਨਾਲ ਜੁੜੇ ਪਹਿਲੂਆਂ ‘ਤੇ ਨਿਯਮਾਂ ਮੁਤਾਬਕ ਵਿਚਾਰ ਕੀਤਾ ਜਾਵੇਗਾ।

