Both Congress and AAP are responsible for encouraging drugs in Punjab: Harsimrat Badal
ਪੰਜਾਬ ’ਚ ਨਸ਼ੇ ਨੂੰ ਹੱਲਾਸ਼ੇਰੀ ਦੇਣ ਲਈ ਕਾਂਗਰਸ ਤੇ ‘ਆਪ’ ਦੋਵੇਂ ਜ਼ਿੰਮੇਵਾਰ : ਹਰਸਿਮਰਤ ਬਾਦਲ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿਚ ਜਿਸ ਤਰੀਕੇ ਨਾਲ ਨਸ਼ੇ ਦੇ ਕਹਿਰ ਨੇ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਘਰਾਂ ਵਿਚ ਸੱਥਰ ਵਿਛਾਉਣ ਵਰਗੇ ਹਾਲਾਤ ਪੈਦਾ ਕੀਤੇ ਹੋਏ ਹਨ, ਇਸ ਸਾਰੇ ਮਾਜਰੇ ਪਿੱਛੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਹੁਣ ਤਾਂ ਪੰਜਾਬ ਵਿਚ ਆਟਾ ਘੱਟ ਤੇ ‘ਚਿੱਟਾ’ ਸ਼ਰੇਆਮ ਮਿਲਣ ਲਗ ਪਿਆ ਹੈ। ਇਹ ਦੋਸ਼ ਸ੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਲੁਧਿਆਣਾ ਦੇ ਪੂਰਬੀ ਹਲਕੇ ਵਿਚ ਹਲਕਾ ਇੰਚਾਰਜ ਰਣਜੀਤ ਸਿੰਘ ਢਿੱਲੋਂ ਤੇ ਹਲਕਾ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਤੇ ਉਨ੍ਹਾਂ ਦੀ ਟੀਮ ਵੱਲੋਂ ‘ਮਾਵਾਂ-ਧੀਆਂ ਦੀ ਲਲਕਾਰ’ ਮੁਹਿੰਮ ਤਹਿਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ’ਚ ਨਸ਼ੇ ਨੂੰ ਹੱਲਾਸ਼ੇਰੀ ਦੇਣ ਲਈ ਕਾਂਗਰਸ ਤੇ ‘ਆਪ’ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥਾਂ ’ਚ ਗੁਟਕਾ ਸਾਹਿਬ ਫੜ ਕੇ ਪੰਜਾਬ ’ਚੋਂ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਨਸ਼ਾ ਖਤਮ ਕਰਨ ਦੀ ਬਜਾਏ ਇਸ ਵਿਚ ਵਾਧਾ ਕਰ ਗਏ। ਉਸ ਤੋਂ ਬਾਅਦ ਮਾਨ ਸਰਕਾਰ ਆਈ, ਜਿਸ ਨੇ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰ ਕੇ ਪੰਜਾਬ ਵਿਚ ਨਸ਼ਾ ਪਿੰਡ-ਪਿੰਡ, ਗਲੀ-ਮੁਹੱਲੇ, ਗਲੀ-ਗਲੀ ਪੁੱਜਦਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਲੋਕ ਇਹੋ ਆਖ ਰਹੇ ਹਨ ਕਿ ਉਨ੍ਹਾਂ ਨੂੰ ਸੂਬੇ ’ਚੋਂ ਨਸ਼ੇ ਦਾ ਖਾਤਮਾ ਚਾਹੀਦਾ ਹੈ। ਹੁਣ ਅਕਾਲੀ ਦਲ ‘ਮਾਈ ਭਾਗੋ ਬ੍ਰਿਗੇਡ’ ਬਣਾਉਣ ਜਾ ਰਿਹਾ ਹੈ, ਜਿਸ ਵਿਚ ਪਿੰਡਾਂ ਦੀਆਂ ਬੀਬੀਆਂ ਨੂੰ ਸ਼ਾਮਲ ਕਰ ਕੇ ਸਰਕਾਰ ਆਉਣ ’ਤੇ ਫਿਰ ਈਮਾਨਦਾਰ ਲੇਡੀ ਅਧਿਕਾਰੀ ਨੂੰ ਡੀ. ਜੀ. ਪੀ. ਲਗਾ ਕੇ ਨਸ਼ੇ ਵੇਚਣ ਵਾਲਿਆਂ ਜਾਂ ਵੱਡੇ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਇਹ ਕੇਵਲ ਚੰਦ ਮਹੀਨਿਆਂ ਦੀ ਮਹਿਮਾਨ ਹੈ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਸਾਡੀ ਸਰਕਾਰ ਦੀ ਪਹਿਲਕਦਮੀ ਨਸ਼ੇ ਵੇਚਣ ਵਾਲੇ ਨੂੰ 10 ਸਾਲ ਸਜ਼ਾ ਤੇ ਕੋਈ ਜ਼ਮਾਨਤ ਨਹੀਂ ਹੋਵੇਗੀ। ਇਸ ਮੌਕੇ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਬੀਬੀਆਂ ਮਾਈ ਭਾਗੋ ਬਣ ਕੇ ਇਸ ਹਲਕੇ ਵਿਚ ਨਸ਼ੇ ਖਿਲਾਫ ਵੱਡੀ ਲੜਾਈ ਲਈ ਅੱਗੇ ਆ ਰਹੀਆਂ ਹਨ। ਅੱਜ ਦੇ ਸਮਾਗਮ ਵਿਚ ਬੀਬੀ ਜਸਵਿੰਦਰ ਕੌਰ ਨੇ ਜਿਥੇ ਆਈਆਂ ਬੀਬੀਆਂ ਦਾ ਸਵਾਗਤ ਕੀਤਾ, ਉਥੇ ਸ. ਢਿੱਲੋਂ ਤੇ ਉਨ੍ਹਾਂ ਦੀ ਟੀਮ ਨੇ ਬੀਬਾ ਬਾਦਲ ਦਾ ਸਨਮਾਨ ਵੀ ਕੀਤਾ। ਇਸ ਮੌਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਡਾ.ਅਸ਼ਵਨੀ ਪਾਸੀ, ਬਲਵਿੰਦਰ ਸਿੰਘ ਐੱਮ. ਡੀ., ਸੁਖਵਿੰਦਰ ਸਿੰਘ ਸੁੱਖਾ, ਪਵਨਦੀਪ ਸਿੰਘ ਗਿੱਲ, ਮੀਤ ਨਿਰਪਿੰਦਰ ਕੌਰ ਢਿੱਲੋਂ, ਸਾਬਕਾ ਕੌਂਸਲਰ, ਕਵਲਜੀਤ ਸਿੰਘ, ਰਛਪਾਲ ਸਿੰਘ ਫੌਜੀ, ਸਿਮਰਨਜੀਤ ਸਿੰਘ ਸਮਰਾ, ਤੇਜਾ ਸਿੰਘ ਖਾਲਸਾ, ਅਸ਼ੋਕ ਬੇਦੀ, ਰਾਣੀ ਧਾਲੀਵਾਲ, ਹਰਪ੍ਰੀਤ ਕੌਰ ਸੀਬੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਤੇਜਿੰਦਰ ਕੌਰ ਸੰਧੂ ਅਤੇ ਪਵਨ ਕੌਰ ਗਿੱਲ ਗੁਰਪ੍ਰੀਤ ਕੌਰ ਸਬੀਆ ਸਮੇਤ ਕਈ ਆਗੂ ਤੇ ਵੱਡੀ ਗਿਣਤੀ ’ਚ ਔਰਤਾਂ ਹਾਜ਼ਰ ਸਨ।

