Police issued a challan of 4,000 based on a viral video
ਵਾਇਰਲ ਵੀਡੀਓ ਦੇ ਆਧਾਰ ’ਤੇ ਪੁਲਸ ਨੇ ਕੱਟਿਆ 4 ਹਜ਼ਾਰ ਦਾ ਚਲਾਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਇੱਥੇ ਸੈਕਟਰ-17 ਪਲਾਜ਼ਾ ‘ਚ ਗੱਡੀ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਵਾਹਨ ਦੇ ਨੰਬਰ ਦੇ ਆਧਾਰ ’ਤੇ ਚਾਲਕ ਦਾ 4 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਟ੍ਰੈਫ਼ਿਕ ਪੁਲਸ ਨੇ ਖ਼ਤਰਨਾਕ ਡਰਾਈਵਿੰਗ ਅਤੇ ਸਾਈਕਲ ਟਰੈਕ ’ਤੇ ਗੱਡੀ ਚਲਾਉਣ ਦੇ ਦੋ ਵੱਖ-ਵੱਖ ਚਲਾਨ ਕੀਤੇ ਹਨ। ਜਾਣਕਾਰੀ ਅਨੁਸਾਰ ਗੁਰਸਿਮਰਨ ਸਿੰਘ ਨਾਂ ਦੇ ਯੂਜ਼ਰ ਨੇ 14 ਨਵੰਬਰ ਨੂੰ ਆਪਣੇ ਸੋਸ਼ਲ ਮੀਡੀਆ ਖ਼ਾਤੇ ’ਤੇ ਇਹ ਵੀਡੀਓ ਸਾਂਝੀ ਕੀਤੀ ਸੀ। ਉਸ ਨੇ ਲਿਖਿਆ ਸੀ ਕਿ ਪਲਾਜ਼ਾ ‘ਚ ਗੱਡੀ ਭਜਾਈ ਜਾ ਰਹੀ ਸੀ ਅਤੇ ਵਾਹਨ ‘ਚ ਉੱਚੀ ਆਵਾਜ਼ ਵਿਚ ਸੰਗੀਤ ਵੀ ਵੱਜ ਰਿਹਾ ਸੀ। ਪਲਾਜ਼ਾ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਘੁੰਮਣ ਅਤੇ ਖ਼ਰੀਦਦਾਰੀ ਕਰਨ ਆਉਂਦੇ ਹਨ। ਇੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਆਵਾਜਾਈ ਰਹਿੰਦੀ ਹੈ। ਅਜਿਹੀ ਥਾਂ ’ਤੇ ਗੱਡੀ ਚਲਾਉਣ ਨਾਲ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੈਕਟਰ-17 ਥਾਣਾ ਮੁਖੀ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਟ੍ਰੈਫ਼ਿਕ ਪੁਲਸ ਨੇ ਵਾਹਨ ਦੇ ਨੰਬਰ ਦੇ ਆਧਾਰ ’ਤੇ ਚਾਲਕ ਦਾ ਚਲਾਨ ਕਰ ਦਿੱਤਾ ਹੈ।

