‘You are not fit for that chair’: Lawyer removed from Supreme Court for making remarks against CJI and Justice Surya Kant
‘ਤੁਸੀਂ ਉਸ ਕੁਰਸੀ ਦੇ ਲਾਇਕ ਨਹੀਂ ਹੋ’: ਸੁਪਰੀਮ ਕੋਰਟ ‘ਚ CJI ਸੂਰਿਆਕਾਂਤ ‘ਤੇ ਟਿੱਪਣੀ ਕਰਨ ‘ਤੇ ਵਕੀਲ ਨੂੰ ਬਾਹਰ ਕੱਢ ‘ਤਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਚੀਫ਼ ਜਸਟਿਸ ਸੂਰਿਆਕਾਂਤ ਖ਼ਿਲਾਫ਼ ਕਥਿਤ ਤੌਰ ’ਤੇ ਬੇਬੁਨਿਆਦ ਅਤੇ ਭੱਦੀ ਟਿੱਪਣੀ ਕਰਨ ਸਬੰਧੀ ਇਕ ਵਕੀਲ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਅਦਾਲਤੀ ਕਮਰੇ ’ਚੋਂ ਬਾਹਰ ਕੱਢ ਦਿੱਤਾ। ਦੁਪਹਿਰ ਵੇਲੇ ਜਿਵੇਂ ਹੀ ਚੀਫ਼ ਜਸਟਿਸ ਅਤੇ ਜਸਟਿਸ ਜੋਏਮਾਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਅਦਾਲਤ ਦੀ ਕਾਰਵਾਈ ਲਈ ਬੈਠੀ, ਵਕੀਲ ਨੇ ਨਿਆਂਪਾਲਿਕਾ ਵਿਚ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਆਪਣੇ ਮਾਮਲੇ ’ਤੇ ਤੁਰੰਤ ਸੁਣਵਾਈ ਕਰਨ ਦੀ ਅਪੀਲ ਕੀਤੀ। ਵਕੀਲ ਨੇ ਇਲਜ਼ਾਮ ਲਗਾਇਆ ਕਿ 2 ਨਵੰਬਰ ਨੂੰ ਇਸ ਮੁੱਦੇ ’ਤੇ ਚੀਫ਼ ਜਸਟਿਸ ਸੂਰਿਆਕਾਂਤ ਦੇ ਦਫ਼ਤਰ ਨੂੰ ਭੇਜੇ ਗਏ ਉਸ ਦੇ ਪੱਤਰ ਦਾ ਕੋਈ ਜਵਾਬ ਉਸ ਨੂੰ ਨਹੀਂ ਮਿਲਿਆ ਹੈ। ਵਕੀਲ ਨੇ ਬੈਂਚ ਨੂੰ ਤੁਰੰਤ ਸੁਣਵਾਈ ਕਰਨ ਦੀ ਅਪੀਲ ਕੀਤੀ। ਜਸਟਿਸ ਮੋਹਨਾ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕਰ ਸਕਦੇ। ਵਕੀਲ ਜਦੋਂ ਆਪਣੀ ਗੱਲ ’ਤੇ ਅੜਿਆ ਰਿਹਾ, ਤਾਂ ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਇਸ ਨੂੰ ਦੇਖਾਂਗੇ, ਤੁਸੀਂ ਇੰਤਜ਼ਾਰ ਕਰੋ। ਹਾਲਾਂਕਿ, ਵਕੀਲ ਨੇ ਚੀਫ਼ ਜਸਟਿਸ ਖ਼ਿਲਾਫ ਇਤਰਾਜ਼ਯੋਗ ਟਿੱਪਣੀ ਕਰਨਾ ਕਥਿਤ ਤੌਰ ’ਤੇ ਜਾਰੀ ਰੱਖਿਆ। ਵਕੀਲ ਨੇ ਕਿਹਾ ਕਿ ਨਹੀਂ, ਮੈਂ ਉਡੀਕ ਨਹੀਂ ਕਰਾਂਗਾ। ਤੁਸੀਂ ਉਸ ਕੁਰਸੀ ’ਤੇ ਨਹੀਂ ਬੈਠ ਸਕਦੇ। ਤੁਸੀਂ ਇਸ ਦੇ ਲਾਇਕ ਨਹੀਂ ਹੋ। ਤੁਹਾਡੇ ਵਿਚ ਇਸ ਦੇ ਲਈ ਇਮਾਨਦਾਰੀ ਨਹੀਂ ਹੈ। ਇਸ ਤੋਂ ਬਾਅਦ ਅਦਾਲਤ ਦੀ ਡਿਜੀਟਲ ਕਾਰਵਾਈ ਕੁਝ ਸਮੇਂ ਲਈ ਰੋਕ ਦਿੱਤੀ ਗਈ।

