Firing near Delhi Minister Kapil Mishra’s office: Attackers fired 20 bullets at youth, death
ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਦੇ ਦਫ਼ਤਰ ਨੇੜੇ ਫਾਇਰਿੰਗ: ਹਮਲਾਵਰਾਂ ਨੇ ਨੌਜਵਾਨ ’ਤੇ ਚਲਾਈਆਂ 20 ਗੋਲੀਆਂ, ਮੌਤ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖ਼ਾਸ ਇਲਾਕੇ ਵਿਚ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਦਫ਼ਤਰ ਨੇੜੇ ਸੋਮਵਾਰ ਨੂੰ ਤਾਬੜਤੋੜ ਫਾਇਰਿੰਗ ਹੋਈ। ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਇਕ ਨੌਜਵਾਨ ’ਤੇ ਕਥਿਤ ਤੌਰ ’ਤੇ ਕਰੀਬ 20 ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ੀਰੋ ਪੁਸ਼ਤਾ ਦੇ ਨੇੜੇ ਵਾਪਰੀ, ਜਿੱਥੇ ਹਮਲਾਵਰਾਂ ਨੇ ਮੁਸਤਫ਼ਾਬਾਦ ਨਿਵਾਸੀ ਸਮੀਰ ’ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸਮੀਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪੁਲਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਸਬੂਤ ਇਕੱਠੇ ਕਰਨ ਲਈ ਕ੍ਰਾਈਮ ਟੀਮ ਅਤੇ ਫਾਰੈਂਸਿਕ ਸਾਇੰਸ ਲੈਬਾਰਟਰੀ (ਐੱਫ. ਐੱਸ. ਐੱਲ.) ਦੀ ਟੀਮ ਨੂੰ ਵੀ ਸੱਦਿਆ ਗਿਆ। ਪੁਲਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਉਣ ਲਈ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਪੁਲਸ ਕਤਲ ਦੇ ਮਕਸਦ ਦਾ ਪਤਾ ਲਗਾਉਣ ਲਈ ਨਿੱਜੀ ਦੁਸ਼ਮਣੀ ਅਤੇ ਪੁਰਾਣੀ ਰੰਜਿਸ਼ ਸਮੇਤ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

