Residents of Ludhiana, take note! Police have issued an advisory, urging caution
ਲੁਧਿਆਣੇ ਵਾਲਿਓ ਹੋ ਜਾਓ ਅਲਰਟ! ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਸਾਵਧਾਨ ਰਹਿਣ ਦੀ ਸਲਾਹ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਮਹਾਨਗਰ ‘ਚ ਵੱਧ ਰਹੇ ਆਨਲਾਈਨ ਇਨਵੈਸਟਮੈਂਟ ਫਰਾਡ ਅਤੇ ਸਾਈਬਰ ਠੱਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨਰੇਟ ਪੁਲਸ ਲੁਧਿਆਣਾ ਨੇ ਆਮ ਜਨਤਾ ਲਈ ਵਿਸ਼ੇਸ਼ ਜਨਹਿਤ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਮਾਰਕੀਟ, ਸ਼ੇਅਰ ਬਾਜ਼ਾਰ ਜਾਂ ਕ੍ਰਿਪਟੋ ਟ੍ਰੇਡਿੰਗ ਦੇ ਨਾਂ ‘ਤੇ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਸਬੰਧਿਤ ਪਲੇਟਫਾਰਮ ਦੀ ਪੂਰੀ ਜਾਂਚ-ਪੜਤਾਲ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਦੀ ਉਮਰ ਭਰ ਦੀ ਮਿਹਨਤ ਦੀ ਕਮਾਈ ਸਾਈਬਰ ਠੱਗਾਂ ਦੇ ਹੱਥਾਂ ‘ਚ ਜਾਣ ਤੋਂ ਬਚ ਸਕੇ। ਜਾਣਕਾਰੀ ਸਾਂਝੀ ਕਰਦਿਆਂ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਸਾਈਬਰ ਅਪਰਾਧੀ ਸੋਸ਼ਲ ਮੀਡੀਆ, ਫ਼ਰਜ਼ੀ ਲਿੰਕ ਅਤੇ ਅਣਜਾਣ ਕਾਲਾਂ ਰਾਹੀਂ ਲੋਕਾਂ ਨੂੰ ਘੱਟ ਸਮੇਂ ‘ਚ ਪੈਸੇ ਦੁੱਗਣੇ ਕਰਨ ਜਾਂ ਅਸਾਧਾਰਣ ਤੌਰ ‘ਤੇ ਵੱਧ ਮੁਨਾਫ਼ਾ ਕਮਾਉਣ ਦਾ ਲਾਲਚ ਦਿੰਦੇ ਹਨ। ਪੁਲਸ ਨੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਅਜਿਹੇ ਕਿਸੇ ਵੀ ਲੁਭਾਉਣੇ ਝਾਂਸੇ ‘ਚ ਆ ਕੇ ਕਿਸੇ ਅਣਜਾਣ ਵਿਅਕਤੀ ਜਾਂ ਗੈਰ-ਪ੍ਰਮਾਣਿਤ ਐਪ ਅਤੇ ਵੈੱਬਸਾਈਟ ‘ਤੇ ਅੱਖਾਂ ਮੀਟ ਕੇ ਭਰੋਸਾ ਨਾ ਕਰਨ। ਠੱਗ ਸ਼ੁਰੂਆਤ ‘ਚ ਥੋੜ੍ਹਾ ਮੁਨਾਫ਼ਾ ਦਿਖਾ ਕੇ ਭਰੋਸਾ ਜਿੱਤਦੇ ਹਨ ਅਤੇ ਬਾਅਦ ‘ਚ ਮੋਟੀ ਰਕਮ ਹੜੱਪ ਕੇ ਸੰਪਰਕ ਤੋੜ ਲੈਂਦੇ ਹਨ।
ਲੋਕਾਂ ਨੂੰ ਇਹ ਸਾਵਧਾਨੀਆਂ ਵਰਤਣ ਦੀ ਸਲਾਹ
ਕਿਸੇ ਵੀ ਆਨਲਾਈਨ ਮਾਰਕੀਟ ਜਾਂ ਨਿਵੇਸ਼ ਯੋਜਨਾ ‘ਚ ਪੈਸਾ ਲਗਾਉਣ ਤੋਂ ਪਹਿਲਾਂ ਉਸ ਦੀ ਅਧਿਕਾਰਤ ਅਤੇ ਕਾਨੂੰਨੀ ਮਾਨਤਾ ਦੀ ਪੁਸ਼ਟੀ ਜ਼ਰੂਰ ਕਰੋ।
ਸੋਸ਼ਲ ਮੀਡੀਆ ਇਸ਼ਤਿਹਾਰਾਂ ਜਾਂ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਇਨਵੈਸਟਮੈਂਟ ਗਰੁੱਪ ਜਾਂ ਐਪ ਡਾਊਨਲੋਡ ਕਰਨ ਦੇ ਲਿੰਕ ‘ਤੇ ਕਲਿੱਕ ਨਾ ਕਰੋ।
ਆਪਣੀ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਰੱਖਣ ਲਈ ਹਰ ਸਮੇਂ ਜਾਗਰੂਕ ਅਤੇ ਚੌਕਸ ਰਹੋ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਠੱਗੀ ਦਾ ਖ਼ਦਸ਼ਾ ਹੋਣ ‘ਤੇ ਤੁਰੰਤ ਪੁਲਸ ਜਾਂ ਸਾਈਬਰ ਹੈਲਪਲਾਈਨ ‘ਤੇ ਸੂਚਿਤ ਕਰੋ।

