Major revelation regarding the Punjabi man and woman who lost their lives during a shooting in a Canadian car park
ਕੈਨੇਡਾ ਕਾਰ ਪਾਰਕਿੰਗ ‘ਚ ਫਾਇਰਿੰਗ ਦੌਰਾਨ ਜਾਨ ਗੁਆਉਣ ਵਾਲੇ ਪੰਜਾਬੀ ਕੁੜੀ-ਮੁੰਡੇ ਬਾਰੇ ਵੱਡਾ ਖ਼ੁਲਾਸਾ
BC, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ‘ਚ ਐਤਵਾਰ ਰਾਤ ਵਾਲਮਾਰਟ ਸਟੋਰ ਦੀ ਪਾਰਕਿੰਗ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ ‘ਚ ਪੰਜਾਬੀ ਮੂਲ ਦੇ ਮੁੰਡੇ-ਕੁੜੀ ਦੀ ਮੌਤ ਹੋ ਗਈ ਸੀ। ਇਸ ਫਾਇਰਿੰਗ ‘ਚ ਮਾਰੇ ਗਏ ਦੋਵਾਂ ਲੋਕਾਂ ਦੀ ਪਛਾਣ ਹੋ ਗਈ ਹੈ। ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਅਨੁਸਾਰ, ਮ੍ਰਿਤਕਾਂ ਦੀ ਪਛਾਣ ਡੈਲਟਾ ਨਿਵਾਸੀ ਗਗਨਪ੍ਰੀਤ (ਗੈਰੀ) ਰੇਹਲ (23) ਅਤੇ ਸੁਖਜੀਤ ਕੌਰ (24) ਵਜੋਂ ਹੋਈ ਹੈ। ਪੁਲਸ ਨੇ ਇਸ ਫਾਇਰਿੰਗ ਨੂੰ ਸੰਗਠਿਤ ਅਪਰਾਧ ਨਾਲ ਜੁੜਿਆ ਇੱਕ ਟਾਰਗੇਟਿਡ ਅਟੈਕ ਕਰਾਰ ਦਿੱਤਾ ਹੈ। ਸਰੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਫਾਇਰਿੰਗ 15 ਨਵੰਬਰ, ਐਤਵਾਰ ਦੀ ਰਾਤ ਲਗਭਗ 10:40 ਵਜੇ 88 ਐਵੇਨਿਊ ਅਤੇ 124 ਸਟ੍ਰੀਟ ਨੇੜੇ ਵਾਲਮਾਰਟ ਦੇ ਬਾਹਰ ਹੋਈ, ਜਿਸ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਪਾਰਕਿੰਗ ‘ਚ ਖੜ੍ਹੀ ਇੱਕ ਲਾਲ ਰੰਗ ਦੀ ‘ਮਸਟੈਂਗ’ ਸੇਡਾਨ ਕਾਰ ਦੇ ਸ਼ੀਸ਼ੇ ਗੋਲੀਆਂ ਲੱਗਣ ਕਾਰਨ ਟੁੱਟੇ ਹੋਏ ਸਨ। IHIT ਨੇ ਦੱਸਿਆ ਕਿ ਗਗਨਪ੍ਰੀਤ ਰੇਹਲ ਦਾ ਨਾਂ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਕਾਰਨ ਪਹਿਲਾਂ ਹੀ ਪੁਲਸ ਦੇ ਰਿਕਾਰਡ ‘ਚ ਦਰਜ ਸੀ, ਜਦਕਿ ਸੁਖਜੀਤ ਕੌਰ ਦੇ ਕੈਨੇਡਾ ‘ਚ ਬਹੁਤ ਘੱਟ ਕਾਂਟੈਕਟ ਸਨ। IHIT ਦੀ ਸਾਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ ਗੋਲੀਬਾਰੀ ਤੋਂ ਕੁਝ ਮਿੰਟਾਂ ਬਾਅਦ ਹੀ ਰਾਤ 10:51 ਵਜੇ ਪ੍ਰਿੰਸੈਸ ਡਰਾਈਵ ਦੇ 9700 ਬਲਾਕ ‘ਚ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸੜੀ ਹੋਈ ਇਹ ਗੱਡੀ ਹਮਲਾਵਰਾਂ ਦੀ ਹੀ ਸੀ ਤੇ ਉਨ੍ਹਾਂ ਨੇ ਸਬੂਤ ਮਿਟਾਉਣ ਲਈ ਇਸ ਗੱਡੀ ਨੂੰ ਅੱਗ ਲਗਾਈ ਸੀ। ਸਾਰਜੈਂਟ ਫੌਂਗ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਫਾਇਰਿੰਗ ਨੇ 2 ਪਰਿਵਾਰਾਂ ਨੂੰ ਡੂੰਘਾ ਸਦਮਾ ਦਿੱਤਾ ਹੈ। ਇਨਵੈਸਟੀਗੇਟਿੰਗ ਟੀਮ ਨੇ 15 ਨਵੰਬਰ ਦੀ ਰਾਤ 10 ਵਜੇ ਤੋਂ 11 ਵਜੇ ਦੇ ਵਿਚਕਾਰ ਉਕਤ ਇਲਾਕੇ ‘ਚ ਮੌਜੂਦ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵਾਲਮਾਰਟ ਪਾਰਕਿੰਗ ਜਾਂ ਨੇੜੇ ਸੜੀ ਕਾਰ ਦੀ ਕੋਈ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ, ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰਨ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

