By 2035, Islam will overtake Christianity to become the world’s largest religion! The Hindu and Jewish populations will decline
2035 ਤੱਕ ਈਸਾਈਆਂ ਨੂੰ ਪਿੱਛੇ ਛੱਡ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣੇਗਾ ਇਸਲਾਮ! ਹਿੰਦੂ ਤੇ ਯਹੂਦੀ ਆਬਾਦੀ ਘਟੇਗੀ
ਨਿਊਯਾਰਕ (ਆਵਾਜ਼ਿ ਕੌਮ ਬਿਊਰੋ)-ਪਿਊ ਰਿਸਰਚ ਸੈਂਟਰ (Pew Research Center) ਦੀ ਤਾਜ਼ਾ ਰਿਪੋਰਟ ਅਨੁਸਾਰ ਅਗਲੇ 10 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਵਿਸ਼ਵ ਦੇ ਧਾਰਮਿਕ ਸਮੀਕਰਨਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਰਿਪੋਰਟ ਅਨੁਸਾਰ 2035 ਤੱਕ ਇਸਲਾਮ ਈਸਾਈ ਧਰਮ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣ ਜਾਵੇਗਾ। ਸਾਲ 2020 ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ 2.27 ਅਰਬ ਈਸਾਈ ਅਤੇ 2.02 ਅਰਬ ਮੁਸਲਮਾਨ ਸਨ। ਪਿਊ ਦੇ ਨਵੇਂ ਅਨੁਮਾਨਾਂ ਅਨੁਸਾਰ 2035 ਤੱਕ ਮੁਸਲਮਾਨਾਂ ਦੀ ਗਿਣਤੀ ਵਧ ਕੇ 2.57 ਅਰਬ ਹੋ ਜਾਵੇਗੀ, ਜਦੋਂ ਕਿ ਈਸਾਈਆਂ ਦੀ ਆਬਾਦੀ 2.52 ਅਰਬ ਰਹਿ ਜਾਵੇਗੀ। ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ, ਤਾਂ 2070 ਤੱਕ ਦੁਨੀਆ ਵਿੱਚ ਮੁਸਲਮਾਨਾਂ ਦੀ ਆਬਾਦੀ 3.6 ਅਰਬ ਤੋਂ ਵੱਧ ਹੋ ਜਾਵੇਗੀ, ਜਦੋਂ ਕਿ ਈਸਾਈਆਂ ਦੀ ਗਿਣਤੀ 3 ਅਰਬ ਤੋਂ ਕੁਝ ਘੱਟ ਹੋਵੇਗੀ। 2020 ਤੋਂ 2070 ਦਰਮਿਆਨ ਵਿਸ਼ਵ ਆਬਾਦੀ ਵਿੱਚ 29% ਵਾਧਾ ਹੋਣ ਦਾ ਅਨੁਮਾਨ ਹੈ, ਜਿਸ ਵਿੱਚ ਈਸਾਈਆਂ ਦੀ ਆਬਾਦੀ 30% ਅਤੇ ਮੁਸਲਮਾਨਾਂ ਦੀ ਆਬਾਦੀ 80% ਵਧੇਗੀ। ਪਿਊ ਦੇ ਸੀਨੀਅਰ ਜਨਸੰਖਿਆ ਮਾਹਰ ਕਾਨਰਾਡ ਹੈਕੇਟ ਅਨੁਸਾਰ, ਆਬਾਦੀ ਵਿੱਚ ਇਹ ਵਾਧਾ ਧਰਮ ਪਰਿਵਰਤਨ ਦੀ ਬਜਾਏ ਮੁੱਖ ਤੌਰ ‘ਤੇ ਬੱਚਿਆਂ ਦੀ ਜਨਮ ਦਰ (ਪ੍ਰਜਨਨ ਦਰ) ਨਾਲ ਜੁੜਿਆ ਹੋਇਆ ਹੈ। 2020-2025 ਦੇ ਅਰਸੇ ਦੌਰਾਨ ਮੁਸਲਿਮ ਔਰਤਾਂ ਦੀ ਪ੍ਰਜਨਨ ਦਰ 3.1 ਬੱਚੇ ਪ੍ਰਤੀ ਔਰਤ ਸੀ, ਜਦੋਂ ਕਿ ਈਸਾਈ ਔਰਤਾਂ ਲਈ ਇਹ 2.5 ਅਤੇ ਹੋਰ ਔਰਤਾਂ ਲਈ ਔਸਤ 1.6 ਸੀ। ਇਸ ਸਮੇਂ ਦੌਰਾਨ ਮੁਸਲਿਮ ਮਾਵਾਂ ਤੋਂ ਲਗਭਗ 25.2 ਕਰੋੜ (252 ਮਿਲੀਅਨ) ਬੱਚਿਆਂ ਨੇ ਜਨਮ ਲਿਆ, ਜਦੋਂ ਕਿ ਈਸਾਈ ਮਾਵਾਂ ਤੋਂ 20.8 ਕਰੋੜ (208 ਮਿਲੀਅਨ) ਬੱਚੇ ਪੈਦਾ ਹੋਏ। ਰਿਪੋਰਟ ਅਨੁਸਾਰ ਹਿੰਦੂਆਂ ਅਤੇ ਯਹੂਦੀਆਂ ਦੀ ਕੁੱਲ ਗਿਣਤੀ ਵਿੱਚ ਵਾਧਾ ਜ਼ਰੂਰ ਹੋਵੇਗਾ, ਪਰ ਕੁੱਲ ਗਲੋਬਲ ਆਬਾਦੀ ਵਿੱਚ ਉਨ੍ਹਾਂ ਦੀ ਪ੍ਰਤੀਸ਼ਤ ਹਿੱਸੇਦਾਰੀ ਘੱਟ ਜਾਵੇਗੀ। ਦੂਜੇ ਪਾਸੇ, ਚੀਨ, ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਕੁੱਲ ਆਬਾਦੀ ਦੇ ਘਟਣ ਕਾਰਨ ਬੋਧੀ ਧਰਮ ਦੇ ਮੰਨਣ ਵਾਲਿਆਂ ਦੀ ਗਿਣਤੀ ਅਤੇ ਪ੍ਰਤੀਸ਼ਤ ਹਿੱਸੇਦਾਰੀ ਦੋਵਾਂ ਵਿੱਚ ਕਮੀ ਆਵੇਗੀ। ਅਮਰੀਕਾ ਵਿੱਚ ਮੌਜੂਦਾ ਸਮੇਂ ਈਸਾਈਆਂ ਦੀ ਹਿੱਸੇਦਾਰੀ 62% ਹੈ, ਜੋ 2065 ਤੱਕ ਘੱਟ ਕੇ 50% ਤੋਂ ਹੇਠਾਂ ਆ ਜਾਵੇਗੀ। ਕੈਨੇਡਾ ਵਿੱਚ ਵੀ 2030 ਤੱਕ ਈਸਾਈ ਆਬਾਦੀ 50% ਤੋਂ ਘੱਟ ਹੋਣ ਦੀ ਸੰਭਾਵਨਾ ਹੈ। ਦੋਵਾਂ ਦੇਸ਼ਾਂ ਵਿੱਚ ਕਿਸੇ ਵੀ ਧਰਮ ਨਾਲ ਨਾ ਜੁੜੇ ਲੋਕਾਂ (Unaffiliated) ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ, ਜੋ 2070 ਤੱਕ ਅਮਰੀਕਾ ਦੀ ਕੁੱਲ ਆਬਾਦੀ ਦਾ 41% ਹੋ ਸਕਦੇ ਹਨ। ਪਿਊ ਦੇ ਅਨੁਸਾਰ, ਜੇਕਰ ਮੌਜੂਦਾ ਰੁਝਾਨ ਬਰਕਰਾਰ ਰਹਿੰਦਾ ਹੈ ਤਾਂ 2070 ਤੱਕ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਪਾਕਿਸਤਾਨ ਵਿੱਚ ਹੋਵੇਗੀ, ਜਿਸ ਤੋਂ ਬਾਅਦ ਭਾਰਤ, ਨਾਈਜੀਰੀਆ ਅਤੇ ਇੰਡੋਨੇਸ਼ੀਆ ਦਾ ਸਥਾਨ ਹੋਵੇਗਾ।

