War flares up again in the Middle East! Iran targets US airbases in Kuwait and Bahrain
ਮਿਡਲ ਈਸਟ ‘ਚ ਮੁੜ ਭੜਕੀ ਜੰਗ ! ਇਰਾਨ ਨੇ ਕੁਵੈਤ ਤੇ ਬਹਿਰੀਨ ‘ਚ ਅਮਰੀਕੀ ਏਅਰਬੇਸਾਂ ਨੂੰ ਬਣਾਇਆ ਨਿਸ਼ਾਨਾ
Tehran, (ਆਵਾਜ਼ਿ ਕੌਮ ਬਿਊਰੋ)-ਇਰਾਨ ਨੇ ਬੁੱਧਵਾਰ ਨੂੰ ਖਾੜੀ ਖੇਤਰ ਦੇ ਗੁਆਂਢੀ ਦੇਸ਼ਾਂ ’ਤੇ ਹਮਲੇ ਤੇਜ਼ ਕਰਦਿਆਂ ਕੁਵੈਤ ਵਿਚ ਇਕ ਅਮਰੀਕੀ ਹਵਾਈ ਅੱਡੇ ਅਤੇ ਬਹਿਰੀਨ ਵਿਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲੇ ਇਕ ਦਿਨ ਪਹਿਲਾਂ ਅਮਰੀਕਾ ਵਲੋਂ ਕੀਤੀ ਗਈ ਫ਼ੌਜੀ ਕਾਰਵਾਈ ਦੇ ਜਵਾਬ ਵਿਚ ਕੀਤੇ ਗਏ ਜਾਪਦੇ ਹਨ। ਲਗਭਗ 2 ਮਹੀਨਿਆਂ ਤੱਕ ਅਜਿਹੇ ਹਮਲੇ ਰੋਕਣ ਤੋਂ ਬਾਅਦ ਇਰਾਨ ਨੇ ਹਾਲ ਹੀ ਦੇ ਦਿਨਾਂ ਵਿਚ ਬਹਿਰੀਨ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲੇ ਵਧਾ ਦਿੱਤੇ ਹਨ। ਬਹਿਰੀਨ ਵਿੱਚ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਤਾਇਨਾਤ ਹੈ। ਬੁੱਧਵਾਰ ਤੜਕੇ ਹੋਏ ਹਮਲੇ ਅਮਰੀਕਾ ਦੇ ਉਸ ਹਵਾਈ ਹਮਲੇ ਤੋਂ ਬਾਅਦ ਕੀਤੇ ਗਏ, ਜਿਸ ਵਿਚ ਮੰਗਲਵਾਰ ਨੂੰ ਹੋਰਮੁਜ਼ ਸਟ੍ਰੇਟ ਕੋਲ ਸਥਿਤ ਇਰਾਨ ਦੇ ਕਸ਼ਮ ਦੀਪ ’ਤੇ ਰੈਵੋਲਿਊਸ਼ਨਰੀ ਗਾਰਡ ਦੇ ਮਿਜ਼ਾਈਲ ਲਾਂਚਿੰਗ ਸਥਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕਾ ਨੇ ਇਹ ਕਾਰਵਾਈ ਇਸ ਤੋਂ ਪਹਿਲਾਂ ਬਹਿਰੀਨ ਵਿਚ ਇਕ ਅਮਰੀਕੀ ਰਡਾਰ ਟਿਕਾਣੇ ’ਤੇ ਇਰਾਨ ਦੇ ਹਮਲੇ ਦੇ ਜਵਾਬ ਵਿਚ ਕੀਤੀ ਸੀ। ਇਰਾਨ ਦਾ ਕਹਿਣਾ ਹੈ ਕਿ ਉਸ ਦੇ ਹਾਲੀਆ ਹਮਲੇ ਅਮਰੀਕੀ ਡਰੋਨ ਨਿਗਰਾਨੀ ਮੁਹਿੰਮਾਂ ਅਤੇ ਇਰਾਨ ਦੇ ਕਮਿਊਨੀਕੇਸ਼ਨ ਟਾਵਰਾਂ ’ਤੇ ਕੀਤੇ ਗਏ ਹਮਲਿਆਂ ਦੇ ਜਵਾਬ ‘ਚ ਕੀਤੇ ਗਏ ਹਨ। ਇਨ੍ਹਾਂ ਵਿਚ ਐਤਵਾਰ ਅਤੇ ਸ਼ੁੱਕਰਵਾਰ ਨੂੰ ਬਹਿਰੀਨ ਸਥਿਤ ਅਮਰੀਕੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਵੀ ਸ਼ਾਮਲ ਹਨ। ਤਾਜ਼ਾ ਹਮਲਿਆਂ ’ਤੇ ਅਮਰੀਕੀ ਫ਼ੌਜ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।

