India has developed the first indigenous H5N1 vaccine for bird flu; it will be launched tomorrow
ਭਾਰਤ ਨੇ ਬਣਾਈ ਬਰਡ ਫਲੂ ਲਈ ਪਹਿਲੀ ਸਵਦੇਸ਼ੀ H5N1 ਵੈਕਸੀਨ, ਕੱਲ ਹੋਵੇਗੀ ਲਾਂਚ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਗਾਮੀ 20 ਨਵੰਬਰ ਨੂੰ ਭੋਪਾਲ ਦੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਵਿਖੇ ਮੁਰਗੀਆਂ ਲਈ ਸਵਦੇਸ਼ੀ ਤੌਰ ’ਤੇ ਵਿਕਸਿਤ ਬਰਡ ਫਲੂ ਵਾਇਰਸ ਵੈਕਸੀਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਬਰਡ ਫਲੂ ਮੁਰਗੀਆਂ ਅਤੇ ਹੋਰ ਪੰਛੀਆਂ ਦੀ ਇਕ ਗੰਭੀਰ ਬਿਮਾਰੀ ਹੈ, ਜਿਸ ਵਿਚ ਲਾਗ ਲੱਗਣ ਤੋਂ ਬਾਅਦ ਮੌਤ ਦਰ ਲੱਗਭਗ 100 ਫ਼ੀਸਦੀ ਤੱਕ ਹੋ ਸਕਦੀ ਹੈ। ਸਾਲ 2006 ਵਿਚ ਦੇਸ਼ ਵਿਚ ਇਸ ਬਿਮਾਰੀ ਦਾ ਪਹਿਲੀ ਵਾਰ ਪਤਾ ਲੱਗਣ ਤੋਂ ਬਾਅਦ ਹੁਣ ਤੱਕ ਐੱਚ5ਐੱਨ1 ਅਤੇ ਐੱਚ5ਐੱਨ8 ਦੇ 500 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਮੁਰਗੀ ਪਾਲਕ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ, ਸਾਲ 2003 ਤੋਂ ਹੁਣ ਤੱਕ ਦੁਨੀਆ ਭਰ ਵਿਚ ਇਸ ਵਾਇਰਸ ਦੇ 1,000 ਤੋਂ ਵੱਧ ਮਨੁੱਖੀ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਵਿਚ ਐੱਚ5ਐੱਨ1 ਐੱਚ.ਪੀ.ਏ.ਆਈ. ਵਾਇਰਸ ਦੇ ਕਲੇਡ 2.3.2.1ਏ ਵਿਰੁੱਧ ਤਿਆਰ ਕੀਤੀ ਗਈ ਇਹ ਆਪਣੀ ਤਰ੍ਹਾਂ ਦੀ ਪਹਿਲੀ ਸਵਦੇਸ਼ੀ ਵੈਕਸੀਨ ਹੈ। ਇਸ ਦਾ ਮੁੱਖ ਉਦੇਸ਼ ਮੁਰਗੀ ਪਾਲਕ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣਾ ਅਤੇ ਵਾਇਰਸ ਨੂੰ ਮੁਰਗੀਆਂ ਤੋਂ ਹੋਰ ਪਸ਼ੂਆਂ ਤੇ ਮਨੁੱਖਾਂ ਵਿਚ ਫੈਲਣ ਤੋਂ ਸੁਰੱਖਿਅਤ ਕਰਨਾ ਹੈ।

