Even common infections are becoming life-threatening in the country; antibiotics have stopped working
ਦੇਸ਼ ‘ਚ ਆਮ ਇਨਫੈਕਸ਼ਨ ਵੀ ਬਣ ਰਹੇ ਜਾਨਲੇਵਾ, ਐਂਟੀਬਾਇਓਟਿਕ ਦਵਾਈਆਂ ਨੇ ਛੱਡਿਆ ਅਸਰ ਕਰਨਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤ ਵਿਚ ਐਂਟੀਬਾਇਓਟਿਕ ਦਵਾਈਆਂ ਦੇ ਬੇਅਸਰ ਹੋਣ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਆਮ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਵੀ ਦਵਾਈਆਂ ਨੂੰ ਮਾਤ ਦੇ ਰਹੇ ਹਨ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਦੇ ‘ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ ਸਰਵੀਲੈਂਸ ਐਂਡ ਰਿਸਰਚ ਨੈੱਟਵਰਕ’ ਦੀ 2025 ਦੀ ਸਾਲਾਨਾ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਈ.-ਕੋਲਾਈ ਅਤੇ ਕਲੇਬਸੀਏਲਾ ਨਿਮੋਨੀਆ ਵਰਗੇ ਬੈਕਟੀਰੀਆ ’ਤੇ ਆਮ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਕਈ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਘੱਟ ਰਿਹਾ ਹੈ। ਇਹ ਬੈਕਟੀਰੀਆ ਨਿਮੋਨੀਆ, ਪਿਸ਼ਾਬ ਦੀ ਇਨਫੈਕਸ਼ਨ ਅਤੇ ਖੂਨ ਵਿਚ ਇਨਫੈਕਸ਼ਨ ਵਰਗੀਆਂ ਗੰਭੀਰ ਬਿਮਾਰੀਆਂ ਪੈਦਾ ਕਰ ਸਕਦੇ ਹਨ। ਸਭ ਤੋਂ ਵੱਧ ਚਿੰਤਾ ਨਵ-ਜੰਮੇ ਬੱਚਿਆਂ ਅਤੇ ਆਈ. ਸੀ. ਯੂ. ਵਿਚ ਦਾਖ਼ਲ ਗੰਭੀਰ ਮਰੀਜ਼ਾਂ ਨੂੰ ਲੈ ਕੇ ਹੈ। ਰਿਪੋਰਟ ਵਿਚ ਕਾਰਬਾਪੇਨੇਮ ਵਰਗੀਆਂ ਸ਼ਕਤੀਸ਼ਾਲੀ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਵੀ ਪ੍ਰਤੀਰੋਧ ਵਧਣ ਦੀ ਗੱਲ ਸਾਹਮਣੇ ਆਈ ਹੈ। ਅਜਿਹੀਆਂ ਦਵਾਈਆਂ ਨੂੰ ਗੰਭੀਰ ਇਨਫੈਕਸ਼ਨ ਵਿਚ ਆਖਰੀ ਬਦਲ ਵਜੋਂ ਵਰਤਿਆ ਜਾਂਦਾ ਹੈ। ਆਈ. ਸੀ. ਐੱਮ. ਆਰ. ਦੀ ਵਿਗਿਆਨੀ ਅਤੇ ਡਿਸਕ੍ਰਿਪਟਿਵ ਰਿਸਰਚ ਡਵੀਜ਼ਨ ਦੀ ਮੁਖੀ ਡਾ. ਕਾਮਿਨੀ ਵਾਲੀਆ ਮੁਤਾਬਕ ਦੇਸ਼ ਵਿਚ ਇਹ ਸਥਿਤੀ ਪਹਿਲਾਂ ਹੀ ਗੰਭੀਰ ਹੋ ਚੁੱਕੀ ਹੈ। ਨਵ-ਜੰਮੇ ਬੱਚਿਆਂ ਦੇ ਆਈ. ਸੀ. ਯੂ. ਵਿਚ ਖੂਨ ਦੀ ਇਨਫੈਕਸ਼ਨ ਦਾ ਮੁੱਖ ਕਾਰਨ ਕਲੇਬਸੀਏਲਾ ਨਿਮੋਨੀਆ ਪਾਇਆ ਗਿਆ ਹੈ। ਇਹ ਕਈ ਦਵਾਈਆਂ ਪ੍ਰਤੀ ਪ੍ਰਤੀਰੋਧ ਵਿਕਸਿਤ ਕਰ ਸਕਦਾ ਹੈ ਅਤੇ ਇਸ ਨਾਲ ਮੌਤ ਦਾ ਖ਼ਤਰਾ ਵੀ ਵੱਧ ਰਹਿੰਦਾ ਹੈ। ਮਾਹਿਰਾਂ ਨੇ ਹਸਪਤਾਲਾਂ ਵਿਚ ਸਥਾਨਕ ਪੱਧਰ ’ਤੇ ਦਵਾਈ ਪ੍ਰਤੀਰੋਧ ਦੇ ਅੰਕੜੇ ਤਿਆਰ ਕਰਨ, ਤੇਜ਼ ਜਾਂਚ ਸਹੂਲਤਾਂ ਵਧਾਉਣ ਅਤੇ ਡਾਕਟਰਾਂ ਲਈ ਐਂਟੀਬਾਇਓਟਿਕ ਦੀ ਸਹੀ ਵਰਤੋਂ ਦੀ ਲਾਜ਼ਮੀ ਸਿਖਲਾਈ ਸ਼ੁਰੂ ਕਰਨ ਦੀ ਲੋੜ ਦੱਸੀ ਹੈ। ਇਸ ਵਾਰ ਰਿਪੋਰਟ ਵਿਚ ਪਹਿਲੀ ਵਾਰ 34 ਸੈਕੰਡਰੀ ਕੇਅਰ ਹਸਪਤਾਲਾਂ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਤੀਜੀ ਪੀੜ੍ਹੀ ਦੀਆਂ ਸੇਫਾਲੋਸਪੋਰਿਨ ਦਵਾਈਆਂ ਪ੍ਰਤੀ ਵੀ ਕਾਫ਼ੀ ਪ੍ਰਤੀਰੋਧ ਮਿਲਿਆ ਹੈ। ਡਾ. ਵਾਲੀਆ ਨੇ ਜ਼ਿਲਾ ਹਸਪਤਾਲਾਂ ਵਿਚ ਇਨਫੈਕਸ਼ਨ ਕੰਟਰੋਲ ਅਤੇ ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਕਮੇਟੀਆਂ ਬਣਾਉਣ ’ਤੇ ਜ਼ੋਰ ਦਿੱਤਾ ਹੈ। ਦਵਾਈ ਪ੍ਰਤੀਰੋਧੀ ਬੈਕਟੀਰੀਆ ਨਾਲ ਹੋਣ ਵਾਲੀ ਇਨਫੈਕਸ਼ਨ ਦਾ ਇਲਾਜ ਔਖਾ ਹੈ, ਕਿਉਂਕਿ ਆਮ ਦਵਾਈਆਂ ਕੰਮ ਨਹੀਂ ਕਰਦੀਆਂ। ਬਦਲ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਮਹਿੰਗੀਆਂ ਹੋਣ ਦੇ ਨਾਲ-ਨਾਲ ਜ਼ਿਆਦਾ ਮਾੜੇ ਪ੍ਰਭਾਵ (ਸਾਈਡ ਇਫੈਕਟ) ਵੀ ਪੈਦਾ ਕਰ ਸਕਦੀਆਂ ਹਨ। ਡਾ. ਵਾਲੀਆ ਅਨੁਸਾਰ ਐਂਟੀਬਾਇਓਟਿਕ ਰੈਜ਼ਿਸਟੈਂਸ ਦੀ ਸਭ ਤੋਂ ਵੱਡੀ ਵਜ੍ਹਾ ਇਨ੍ਹਾਂ ਦਵਾਈਆਂ ਦੀ ਗਲਤ ਅਤੇ ਲੋੜ ਤੋਂ ਵੱਧ ਵਰਤੋਂ ਹੈ। ਵਾਇਰਲ ਬੁਖਾਰ ਵਿਚ ਐਂਟੀਬਾਇਓਟਿਕ ਕੰਮ ਨਹੀਂ ਕਰਦੀਆਂ, ਇਸ ਦੇ ਬਾਵਜੂਦ ਕਈ ਵਾਰ ਮਰੀਜ਼ ਇਨ੍ਹਾਂ ਨੂੰ ਲੈ ਲੈਂਦੇ ਹਨ। ਇਸੇ ਤਰ੍ਹਾਂ ਡਾਇਰੀਆ ਦੇ ਜ਼ਿਆਦਾਤਰ ਮਾਮਲਿਆਂ ਵਿਚ ਵੀ ਇਨ੍ਹਾਂ ਦੀ ਲੋੜ ਨਹੀਂ ਹੁੰਦੀ। ਹਸਪਤਾਲਾਂ ਵਿਚ ਹੱਥਾਂ ਦੀ ਸਫ਼ਾਈ, ਇਨਫੈਕਸ਼ਨ ਕੰਟਰੋਲ ਅਤੇ ਸਾਹ ਸਬੰਧੀ ਸਵੱਛਤਾ ਦੀ ਅਣਦੇਖੀ ਵੀ ਸਮੱਸਿਆ ਵਧਾਉਂਦੀ ਹੈ। ਪਸ਼ੂ ਪਾਲਣ ਵਿਚ ਐਂਟੀਬਾਇਓਟਿਕ ਦੀ ਵਰਤੋਂ ਵੀ ਇਸ ਦੀ ਇਕ ਵਜ੍ਹਾ ਹੈ।

