Police station set on fire and bomb blasts occur; Sheikh Hasina’s party announces a ‘lockdown’
ਥਾਣੇ ਨੂੰ ਲਗਾਈ ਅੱਗ ਤੇ ਹੋਏ ਬੰਬ ਧਮਾਕੇ, ਸ਼ੇਖ ਹਸੀਨਾ ਦੀ ਪਾਰਟੀ ਵੱਲੋਂ ‘ਲੌਕਡਾਊਨ’ ਦਾ ਐਲਾਨ
ਢਾਕਾ (ਆਵਾਜ਼ਿ ਕੌਮ ਬਿਊਰੋ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਦੇ ਐਲਾਨ ਤੋਂ ਬਾਅਦ ਗੁਆਂਢੀ ਮੁਲਕ ਵਿੱਚ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਪਾਬੰਦੀਸ਼ੁਦਾ ‘ਅਵਾਮੀ ਲੀਗ’ ਵੱਲੋਂ ਪਹਿਲੀ ਵਾਰ ਆਪਣੇ ਦਮ ‘ਤੇ ਦੇਸ਼ ਵਿਆਪੀ ‘ਲੌਕਡਾਊਨ’ ਲਗਾਏ ਜਾਣ ਤੋਂ ਬਾਅਦ ਬੁੱਧਵਾਰ ਤੋਂ ਵੀਰਵਾਰ ਤੱਕ ਕਈ ਹਿੱਸਿਆਂ ਵਿੱਚ ਵੱਡੇ ਪੱਧਰ ‘ਤੇ ਹਿੰਸਾ ਅਤੇ ਬੰਬ ਧਮਾਕੇ ਹੋਏ। 19 ਨਵੰਬਰ ਨੂੰ ਬੰਗਲਾਦੇਸ਼ ਦੇ ਜ਼ਿਆਦਾਤਰ ਹਿੱਸੇ ਪੂਰੀ ਤਰ੍ਹਾਂ ਬੰਦ ਰਹੇ। ਰਿਪੋਰਟਾਂ ਮੁਤਾਬਕ, ਸ਼ੇਖ ਹਸੀਨਾ ਦੇ ਜੱਦੀ ਸਥਾਨ ਤੁੰਗੀਪਾੜਾ ਵਿੱਚ ਇੱਕ ਪੁਲਸ ਸਟੇਸ਼ਨ ਨੂੰ ਅੱਗ ਲਗਾਉਣ ਤੋਂ ਦੋ ਦਿਨ ਬਾਅਦ ਹੁਣ ਗੋਪਾਲਗੰਜ ਵਿੱਚ ਵੀ ਇੱਕ ਥਾਣੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਗੋਪਾਲਗੰਜ-1 ਤੋਂ ਸੰਸਦ ਮੈਂਬਰ ਸੈਲੀਮੁੱਜ਼ਮਾਨ ਮੋਲਾ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਘਰਾਂ ਵਿੱਚ ਵੀ ਅੱਗ ਲਗਾ ਦਿੱਤੀ ਗਈ ਅਤੇ ਭੰਨਤੋੜ ਕੀਤੀ ਗਈ। ਵੱਖ-ਵੱਖ ਥਾਵਾਂ ‘ਤੇ ਕਾਕਟੇਲ ਬੰਬ ਧਮਾਕਿਆਂ ਅਤੇ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ‘ਹਾਈ ਅਲਰਟ’ ‘ਤੇ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ ਅਵਾਮੀ ਲੀਗ, ਜੁਬੋ ਲੀਗ ਅਤੇ ਵਿਦਿਆਰਥੀ ਵਿੰਗ ਦੇ ਵਰਕਰਾਂ ਨੇ ਹਥਿਆਰ ਲਹਿਰਾਉਂਦੇ ਹੋਏ ਕਈ ਇਲਾਕਿਆਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤੇ। ਹਿੰਸਾ ‘ਤੇ ਕਾਬੂ ਪਾਉਣ ਲਈ ਬੰਗਲਾਦੇਸ਼ ਦੀ ਬੀ.ਐੱਨ.ਪੀ. ਸਰਕਾਰ ਨੇ ਢਾਕਾ, ਚਟਗਾਓਂ, ਗੋਪਾਲਗੰਜ, ਨਾਰਾਇਣਗੰਜ, ਗਾਜ਼ੀਪੁਰ, ਮਯਮਨਸਿੰਘ ਅਤੇ ਫਰੀਦਪੁਰ ਸਮੇਤ 7 ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਬਾਰਡਰ ਗਾਰਡ ਬੰਗਲਾਦੇਸ਼ (BGB) ਦੀਆਂ 96 ਪਲਟਨਾਂ (ਕਰੀਬ 3,000 ਜਵਾਨ) ਤਾਇਨਾਤ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇਕੱਲੇ ਗੋਪਾਲਗੰਜ ਵਿੱਚ 27 ਅਤੇ ਰਾਜਧਾਨੀ ਢਾਕਾ ਵਿੱਚ 23 ਪਲਟਨਾਂ ਲਗਾਈਆਂ ਗਈਆਂ ਹਨ। ਸਰਕਾਰ ਨੇ ਇਸ ਹਿੰਸਾ ਪਿੱਛੇ ਅਵਾਮੀ ਲੀਗ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ, ਜਦੋਂਕਿ ਪੂਰੇ ਦੇਸ਼ ਵਿੱਚ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

