Interim stay granted on the demolition of a building linked to Dawood Ibrahim; a major court ruling
ਦਾਊਦ ਇਬਰਾਹਿਮ ਨਾਲ ਜੁੜੀ ਇਮਾਰਤ ਨੂੰ ਢਾਹੁਣ ‘ਤੇ ਲੱਗੀ ਅੰਤ੍ਰਿਮ ਰੋਕ, ਅਦਾਲਤ ਦਾ ਵੱਡਾ ਫ਼ੈਸਲਾ
ਮੁੰਬਈ, (ਆਵਾਜ਼ਿ ਕੌਮ ਬਿਊਰੋ)-ਬੰਬੇ ਹਾਈ ਕੋਰਟ ਨੇ ਅੰਡਰਵਰਲਡ ਡਾਨ ਅਤੇ 1993 ਦੇ ਲੜੀਵਾਰ ਧਮਾਕਿਆਂ ਦੇ ਮੁੱਖ ਸਾਜ਼ਿਸ਼ਮਾਈਂਡ ਦਾਊਦ ਇਬਰਾਹਿਮ ਦੀ ਸ਼ੁਰੂਆਤੀ ਰਿਹਾਇਸ਼ ਅਤੇ ਟਿਕਾਣਾ ਰਹੀ ਦੱਖਣੀ ਮੁੰਬਈ ਦੀ ਇਕ ਖਸਤਾਹਾਲ ਇਮਾਰਤ ਨੂੰ ਢਾਹੁਣ ’ਤੇ 25 ਨਵੰਬਰ ਤੱਕ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਚੀਫ਼ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੀ ਬੈਂਚ ਨੇ ਇਹ ਹੁਕਮ ਬ੍ਰਿਹਨਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਵੱਲੋਂ ਇਸ ਢਾਂਚੇ ਨੂੰ ਡੇਗਣ ਦੀ ਕਾਰਵਾਈ ਸ਼ੁਰੂ ਕਰਨ ਦੇ ਕੁਝ ਘੰਟਿਆਂ ਬਾਅਦ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਅਜਿਹੇ ਤੱਥ ਸ਼ਾਮਲ ਹਨ ਜਿਨ੍ਹਾਂ ’ਤੇ ਕਾਫ਼ੀ ਵਿਵਾਦ ਹੈ ਅਤੇ ਜਿਨ੍ਹਾਂ ਲਈ ਢੁਕਵੀਂ ਸੁਣਵਾਈ ਦੀ ਲੋੜ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਦੋਂ ਤੱਕ ਸਾਰੀਆਂ ਸਬੰਧਤ ਧਿਰਾਂ ਨੂੰ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਅਦਾਲਤ ਦਾ ਇਹ ਹੁਕਮ ਵਕਫ਼ ਸੰਸਥਾ ‘ਹਾਜੀ ਇਸਮਾਈਲ ਹਾਜੀ ਹਬੀਬ ਮੁਸਾਫ਼ਿਰਖਾਨਾ ਟਰੱਸਟ’ ਦੇ ਲਾਭਪਾਤਰੀ ਹੋਣ ਦਾ ਦਾਅਵਾ ਕਰਨ ਵਾਲੇ ਦੋ ਵਿਅਕਤੀਆਂ ਵੱਲੋਂ ਦਾਇਰ ਪਟੀਸ਼ਨ ’ਤੇ ਆਇਆ ਹੈ। ਉਨ੍ਹਾਂ ਨੇ ਇਮਾਰਤ ਦੇ ਵਸਨੀਕਾਂ ਨੂੰ ਥਾਂ ਖਾਲੀ ਕਰਨ ਲਈ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਨਗਰ ਨਿਗਮ ਮੁਤਾਬਕ ਇਸ ਇਮਾਰਤ ਨੂੰ ‘ਸੀ-1’ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਢਾਂਚਾ ਖ਼ਤਰਨਾਕ ਹੈ ਅਤੇ ਇਸ ਨੂੰ ਢਾਹੁਣਾ ਜ਼ਰੂਰੀ ਹੈ।

