Canada processed over 2.2 million visa applications in 9 months, yet 347,000 cases remain pending
ਕੈਨੇਡਾ ਨੇ 9 ਮਹੀਨਿਆਂ ’ਚ ਨਿਪਟਾਈਆਂ 22 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ, ਫਿਰ ਵੀ 3.47 ਲੱਖ ਮਾਮਲੇ ਪੈਂਡਿੰਗ
Canada, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਭਾਰਤੀਆਂ ਲਈ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜੇ ਬਹੁਤ ਮਹੱਤਵਪੂਰਨ ਹਨ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ (ਆਈ. ਆਰ. ਸੀ. ਸੀ.) ਨੇ ਸਾਲ 2026 ਦੇ ਪਹਿਲੇ 9 ਮਹੀਨਿਆਂ ਵਿਚ ਟੈਂਪਰੇਰੀ ਰੈਜ਼ੀਡੈਂਸ ਨਾਲ ਜੁੜੀਆਂ 22.92 ਲੱਖ ਅਰਜ਼ੀਆਂ ’ਤੇ ਫੈਸਲਾ ਕੀਤਾ ਹੈ। ਇਨ੍ਹਾਂ ’ਚ ਵਿਜ਼ਟਰ ਵੀਜ਼ਾ, ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਸ਼ਾਮਲ ਹਨ। ਹਾਲਾਂਕਿ, ਇੰਨੀ ਵੱਡੀ ਗਿਣਤੀ ’ਚ ਅਰਜ਼ੀਆਂ ਦਾ ਨਿਪਟਾਰਾ ਕਰਨ ਦੇ ਬਾਵਜੂਦ 30 ਸਤੰਬਰ ਤੱਕ 3.47 ਲੱਖ ਤੋਂ ਵੱਧ ਮਾਮਲੇ ਪੈਂਡਿੰਗ ਸਨ। ਵਿਭਾਗ ਵੱਲੋਂ ਨਵੰਬਰ 2026 ਵਿਚ ਅਪਡੇਟ ਕੀਤੇ ਗਏ ਇਹ ਅੰਕੜੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਤੇ ਵਧਦੇ ਦਬਾਅ ਨੂੰ ਦਰਸਾਉਂਦੇ ਹਨ। ਆਈ. ਆਰ. ਸੀ. ਸੀ. ਅਨੁਸਾਰ, 1 ਜਨਵਰੀ ਤੋਂ 30 ਸਤੰਬਰ 2026 ਦਰਮਿਆਨ ਕੁੱਲ 22,92,410 ਅਸਥਾਈ ਨਿਵਾਸ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਵਿਚ ਸਭ ਤੋਂ ਵੱਧ 19,23,425 ਵਿਜ਼ਟਰ ਵੀਜ਼ਾ ਅਰਜ਼ੀਆਂ ਸਨ। ਇਸ ਤੋਂ ਇਲਾਵਾ 2,04,250 ਵਰਕ ਪਰਮਿਟ ਅਤੇ 1,64,735 ਸਟੱਡੀ ਪਰਮਿਟ ਅਰਜ਼ੀਆਂ ’ਤੇ ਫੈਸਲਾ ਹੋਇਆ। ਇਹ ਅੰਕੜੇ ਸਬੰਧਤ ਸ਼੍ਰੇਣੀਆਂ ਦੀਆਂ ਨਵੀਆਂ ਅਰਜ਼ੀਆਂ ਦੇ ਹਨ ਅਤੇ ਇਨ੍ਹਾਂ ਵਿਚ ਪਰਮਿਟ ਵਧਾਉਣ ਦੇ ਮਾਮਲੇ ਸ਼ਾਮਲ ਨਹੀਂ ਹਨ। ਉੱਥੇ ਹੀ, ਸਤੰਬਰ ਦੇ ਅੰਤ ਤੱਕ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦੀਆਂ ਕੁੱਲ 3,47,935 ਅਰਜ਼ੀਆਂ ਫੈਸਲੇ ਦੀ ਉਡੀਕ ਕਰ ਰਹੀਆਂ ਸਨ। ਸਥਾਈ ਨਿਵਾਸ (ਪੀ.ਆਰ.) ਦੀਆਂ ਆਰਥਿਕ ਸ਼੍ਰੇਣੀ ਵਾਲੀਆਂ ਅਰਜ਼ੀਆਂ ਵਿਚ ਵੀ ਪੈਂਡਿੰਗ ਮਾਮਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਵਿਭਾਗ ਨੇ ਜਨਵਰੀ ਤੋਂ ਸਤੰਬਰ ਦਰਮਿਆਨ ਅਜਿਹੇ 2,36,710 ਅਰਜ਼ੀਆਂ ਦਾ ਨਿਪਟਾਰਾ ਕੀਤਾ, ਪਰ 30 ਸਤੰਬਰ ਤੱਕ 2,50,010 ਅਰਜ਼ੀਆਂ ਪੈਂਡਿੰਗ ਸਨ। ਇਨ੍ਹਾਂ ’ਚੋਂ 78 ਫੀਸਦੀ ਅਰਜ਼ੀਆਂ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿਚ ਸਨ, ਜਦਕਿ 22 ਫੀਸਦੀ ਮਾਮਲੇ ਸਾਲਾਨਾ ਇਮੀਗ੍ਰੇਸ਼ਨ ਟੀਚੇ ਤਹਿਤ ਉਪਲੱਬਧ ਸੀਟਾਂ ਦੀ ਉਡੀਕ ਕਰ ਰਹੇ ਸਨ। ਇਸ ਦਾ ਮਤਲਬ ਹੈ ਕਿ ਸਾਰੀਆਂ ਪੈਂਡਿੰਗ ਅਰਜ਼ੀਆਂ ’ਤੇ ਵਿਭਾਗ ਵੱਲੋਂ ਸਰਗਰਮ ਜਾਂਚ ਨਹੀਂ ਚੱਲ ਰਹੀ ਹੈ। ਕੁਝ ਬਿਨੈਕਾਰਾਂ ਨੂੰ ਨਿਰਧਾਰਤ ਇਮੀਗ੍ਰੇਸ਼ਨ ਕੋਟੇ ਵਿਚ ਜਗ੍ਹਾ ਮਿਲਣ ਦੀ ਉਡੀਕ ਵੀ ਕਰਨੀ ਪੈ ਰਹੀ ਹੈ। ਨਾਗਰਿਕਤਾ ਦੇ ਮੋਰਚੇ ’ਤੇ ਵੀ ਕੈਨੇਡਾ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਾਗਰਿਕ ਬਣਾਇਆ ਹੈ। ਜਨਵਰੀ ਤੋਂ ਸਤੰਬਰ 2026 ਦਰਮਿਆਨ 2,45,900 ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਮਿਲੀ। ਇਸੇ ਸਮੇਂ ਦੌਰਾਨ 44,060 ਲੋਕਾਂ ਨੂੰ ਨਾਗਰਿਕਤਾ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ। ਹਾਲਾਂਕਿ, 30 ਸਤੰਬਰ ਤੱਕ ਨਾਗਰਿਕਤਾ ਹਾਸਲ ਕਰਨ ਲਈ ਦਿੱਤੀਆਂ ਗਈਆਂ 3,22,650 ਅਰਜ਼ੀਆਂ ਪੈਂਡਿੰਗ ਸਨ। ਇਸ ਤੋਂ ਇਲਾਵਾ ਪਹਿਲਾਂ ਤੋਂ ਮੌਜੂਦ ਨਾਗਰਿਕਤਾ ਦੀ ਅਧਿਕਾਰਤ ਪੁਸ਼ਟੀ ਲਈ ਦਿੱਤੀਆਂ ਗਈਆਂ 1,30,685 ਅਰਜ਼ੀਆਂ ਵੀ ਨਿਪਟਾਰੇ ਦੀ ਉਡੀਕ ਵਿਚ ਸਨ। ਕੈਨੇਡਾ ਵਿਚ ਪੜ੍ਹਾਈ, ਨੌਕਰੀ, ਸੈਰ-ਸਪਾਟੇ ਅਤੇ ਸਥਾਈ ਤੌਰ ’ਤੇ ਵਸਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਇਹ ਅੰਕੜੇ ਦੱਸਦੇ ਹਨ ਕਿ ਅਰਜ਼ੀਆਂ ਨਿਪਟਾਉਣ ਦੀ ਰਫ਼ਤਾਰ ਦੇ ਬਾਵਜੂਦ ਉਡੀਕ ਸੂਚੀ ਕਾਫ਼ੀ ਵੱਡੀ ਹੈ। ਸਿਰਫ਼ ਵੱਧ ਅਰਜ਼ੀਆਂ ਨਿਪਟਾਏ ਜਾਣ ਨਾਲ ਵੀਜ਼ਾ ਮਿਲਣ ਦਾ ਸਮਾਂ ਘੱਟ ਹੋਣ ਦੀ ਗਾਰੰਟੀ ਨਹੀਂ ਹੈ। ਹਰੇਕ ਅਰਜ਼ੀ ਦਾ ਫੈਸਲਾ ਉਸ ਦੀ ਸ਼੍ਰੇਣੀ, ਯੋਗਤਾ, ਦਸਤਾਵੇਜ਼ਾਂ ਦੀ ਸਥਿਤੀ, ਸੁਰੱਖਿਆ ਅਤੇ ਹੋਰ ਲਾਜ਼ਮੀ ਜਾਂਚਾਂ ਦੇ ਨਾਲ-ਨਾਲ ਵਿਭਾਗ ਦੀਆਂ ਤਰਜੀਹਾਂ ’ਤੇ ਨਿਰਭਰ ਕਰਦਾ ਹੈ। ਇਸ ਲਈ ਬਿਨੈਕਾਰਾਂ ਨੂੰ ਅਪਲਾਈ ਕਰਦੇ ਸਮੇਂ ਦਸਤਾਵੇਜ਼ਾਂ ਦੀ ਮੁਕੰਮਲਤਾ ਅਤੇ ਸਬੰਧਤ ਸ਼੍ਰੇਣੀ ਦੀਆਂ ਸ਼ਰਤਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।

